ਕੇਂਦਰ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਪ੍ਰਵਾਨ, ਸੀ.ਸੀ.ਐਲ. ਦੀ ਮਿਆਦ 29 ਫਰਵਰੀ ਤੱਕ ਵਧਾਈ

TeamGlobalPunjab
2 Min Read

ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਅੱਜ ਸਾਉਣੀ ਮੰਡੀਕਰਨ ਸੀਜ਼ਨ-2019-20 ਦੌਰਾਨ ਝੋਨੇ ਦੀ ਖਰੀਦ ਲਈ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ ਵਿੱਚ 29 ਫਰਵਰੀ, 2020 ਤੱਕ ਵਾਧਾ ਕਰ ਦਿੱਤਾ ਹੈ।
ਇਸ ਕਦਮ ਨਾਲ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀ.ਐਫ.ਐਮ.ਐਸ.) ਖਰਚਾ, ਐਡਵਾਂਸ ਅਤੇ ਟਰਾਂਸਫਰ (ਈ.ਏ.ਟੀ.) ਵਿਧੀ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਆੜ੍ਹਤੀਆਂ ਦੇ ਬਕਾਏ ਨਿਪਟਾਉਣ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਮੰਗਲਵਾਰ ਨੂੰ 200 ਕਰੋੜ ਰੁਪਏ ਜਾਰੀ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਵਾਧੇ ਦੀ ਮਿਆਦ ਵਧਾਉਣ ਨਾਲ ਸੂਬਾ ਸਰਕਾਰ ਨੂੰ ਆੜ੍ਹਤੀਆਂ ਦਾ ਕਮਿਸ਼ਨ ਦੇ ਰੂਪ ਵਿੱਚ ਖੜ੍ਹੇ ਬਕਾਏ ਦੀ ਅਦਾਇਗੀ ਕਰਨ ਵਿੱਚ ਮਦਦ ਮਿਲੇਗੀ। ਭਾਰਤ ਸਰਕਾਰ ਵੱਲੋਂ ਲਾਜ਼ਮੀ ਬਣਾਏ ਪੀ.ਐਫ.ਐਮ.ਐਸ., ਈ.ਏ.ਟੀ. ਵਿਧੀ ਨੂੰ ਅਮਲ ਵਿੱਚ ਨਾ ਲਿਆਉਣ ਲਈ ਬਕਾਇਆ ਜਾਰੀ ਨਹੀਂ ਕੀਤਾ ਜਾ ਸਕਿਆ ਸੀ ।
ਜ਼ਿਕਰਯੋਗ ਹੈ ਕਿ ਆੜ੍ਹਤੀਆਂ ਦੇ ਕਮਿਸ਼ਨ ਦੇ ਰੂਪ ਵਿੱਚ 750 ਕਰੋੜ ਰੁਪਏ ਦੀ ਕੁੱਲ ਦੇਣਦਾਰੀ ਸੀ ਜਿਸ ਵਿੱਚੋਂ ਪੀ.ਐਫ.ਐਮ.ਐਸ., ਈ.ਏ.ਟੀ. ਵਿਧੀ ਦੀ ਪਾਲਣਾ ਕਰਨ ਵਾਲੇ ਆੜ੍ਹਤੀਆਂ ਨੂੰ 362 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਮੰਡੀਕਰਨ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਲਈ ਨਵੇਂ ਖਾਤੇ ਅਧੀਨ 33333.96 ਕਰੋੜ ਰੁਪਏ ਦੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ ਹੁਣ ਫਰਵਰੀ, 2020 ਤੱਕ ਵਧਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਕਤੂਬਰ, 2019 ਲਈ 26707.50 ਕਰੋੜ ਦੀ ਸੀ.ਸੀ.ਐਲ. ਲਈ ਅਧਿਕਾਰਤ ਕੀਤਾ ਗਿਆ ਸੀ ਜਦਕਿ ਨਵੰਬਰ, 2019 ਲਈ 6623.46 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਜਿਸ ਦੀ ਮਿਆਦ ਦਸੰਬਰ, 2019 ਤੱਕ ਵਧਾ ਦਿੱਤੀ ਗਈ ਸੀ।

Share this Article
Leave a comment