ਜਕਾਰਤਾ : ਇੰਡੋਨੇਸ਼ੀਆ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਟੇਰਨੇਟ ਸ਼ਹਿਰ ਦੇ ਨੇੜੇ ਵੀਰਵਾਰ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਧਰਤੀ ਕੰਬ ਉੱਠੀ। ਸਵੇਰੇ-ਸਵੇਰੇ ਆਏ 7.4 ਤੀਬਰਤਾ ਦੇ ਇਸ ਭੂਚਾਲ ਤੋਂ ਬਾਅਦ ਪ੍ਰਸ਼ਾਸਨ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ , ਜਿਸ ਕਾਰਨ ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਦਹਿਸ਼ਤ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ।
ਯੂਐਸ ਜੀਓਲੋਜੀਕਲ ਸਰਵੇ ਅਨੁਸਾਰ ਇਹ ਭੂਚਾਲ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ ਪੌਣੇ ਸੱਤ ਵਜੇ ਆਇਆ। ਇਸ ਦੀ ਡੂੰਘਾਈ 35 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ ਇੰਡੋਨੇਸ਼ੀਆ ਦੇ ਟੇਰਨੇਟ ਤੋਂ 127 ਕਿਲੋਮੀਟਰ (79 ਮੀਲ) ਪੱਛਮ-ਉੱਤਰ-ਪੱਛਮ ਵਿੱਚ ਸੀ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਯੂਐਸ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਕਿਹਾ ਹੈ ਕਿ ਭੂਚਾਲ ਤੋਂ ਬਾਅਦ ਗੁਆਂਢੀ ਦੇਸ਼ਾਂ ਵਿੱਚ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ। ਪੂਰਬੀ ਇੰਡੋਨੇਸ਼ੀਆ ਦੇ ਟੇਰਨੇਟ ਸ਼ਹਿਰ ਦੇ ਤੱਟ ‘ਤੇ ਉੱਤਰੀ ਮੋਲੁਕਾ ਸਾਗਰ ਵਿੱਚ ਭੂਚਾਲ ਦੇ ਕਾਰਨ ਆਲੇ-ਦੁਆਲੇ ਦੇ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਅਮਰੀਕਾ ਦੀ ਸੁਨਾਮੀ ਚੇਤਾਵਨੀ ਪ੍ਰਣਾਲੀ ਦੇ ਅਨੁਸਾਰ, ਭੂਚਾਲ ਦੇ ਕੇਂਦਰ ਤੋਂ 1,000 ਕਿਲੋਮੀਟਰ ਦੇ ਘੇਰੇ ਵਿੱਚ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਤੱਟਾਂ ‘ਤੇ ਖ਼ਤਰਨਾਕ ਸੁਨਾਮੀ ਲਹਿਰਾਂ ਉੱਠਣ ਦਾ ਖ਼ਦਸ਼ਾ ਹੈ। ਇਸ ਚੇਤਾਵਨੀ ਦੇ ਤਹਿਤ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਮਲੇਸ਼ੀਆ ਦੇ ਤੱਟਵਰਤੀ ਇਲਾਕਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਨੌਰਥ ਸੁਲਾਵੇਸੀ ਪ੍ਰਾਂਤ ਦੇ ਮਨਾਡੋ ਸ਼ਹਿਰ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋਇਆ ਹੈ। ਬਚਾਅ ਅਧਿਕਾਰੀਆਂ ਅਨੁਸਾਰ, ਜ਼ਖ਼ਮੀ ਵਿਅਕਤੀ ਦੇ ਪੈਰ ਵਿੱਚ ਸੱਟ ਲੱਗੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

