ਤੁਰਕੀ ‘ਚ ਮੰਗਲਵਾਰ ਨੁੰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਤੁਰਕੀ ਅਤੇ ਸੀਰੀਆ ਵਿੱਚ ਬੀਤੇ ਦਿਨ ਹੀ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਤੁਰਕੀ ਅਤੇ ਗੁਆਂਢੀ ਸੀਰੀਆ ਵਿੱਚ ਸੋਮਵਾਰ ਨੂੰ ਆਏ 7.8 ਤੀਬਰਤਾ ਦੇ ਭੂਚਾਲ ਵਿੱਚ 4,000 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ।
ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇੱਥੋਂ ਤੱਕ ਕਿ ਕਈ ਇਮਾਰਤਾਂ ਪੂਰੀ ਤਰ੍ਹਾਂ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ। ਹਾਲਾਂਕਿ, ਅਜੇ ਵੀ ਜਾਨੀ ਨੁਕਸਾਨ ਦੇ ਵਧਣ ਦੀ ਸੰਭਾਵਨਾ ਹੈ, ਕਿਉਂਕਿ ਬਚਾਅ ਕਰਮਚਾਰੀ ਅਜੇ ਵੀ ਪ੍ਰਭਾਵਿਤ ਖੇਤਰਾਂ ਵਿੱਚ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਸੋਮਵਾਰ ਨੂੰ 7.8 ਤੀਬਰਤਾ ਦਾ ਪਹਿਲਾ ਭੂਚਾਲ ਆਇਆ। ਇਸ ਤੋਂ ਬਾਅਦ ਦੋ ਹੋਰ ਤੇਜ਼ ਭੂਚਾਲ ਆਏ, ਜਿਨ੍ਹਾਂ ਦੀ ਤੀਬਰਤਾ ਕ੍ਰਮਵਾਰ 7.6 ਅਤੇ 6.0 ਸੀ। ਅੱਜ ਫਿਰ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ।
