ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੌਰਾਨ ਯਾਤਰਾ ਨੂੰ ਲੈ ਕੇ ਭਾਰਤ ਤੇ ਬ੍ਰਿਟੇਨ ਵਿਚਾਲੇ ਪੈਦਾ ਹੋਇਆ ਤਣਾਅ ਖ਼ਤਮ ਹੁੰਦਾ ਦਿਸ ਰਿਹਾ ਹੈ। ਬ੍ਰਿਟੇਨ ਵੱਲੋਂ ਭਾਰਤੀ ਯਾਤਰੀਆਂ ਲਈ 10 ਦਿਨ ਦੇ ਜ਼ਰੂਰੀ ਕੁਆਰੰਟਾਈਨ ਨੂੰ ਖ਼ਤਮ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਬ੍ਰਿਟਿਸ਼ ਹਮਅਹੁਦਾ ਲਿਜ ਟ੍ਰਸ ਨਾਲ ਗੱਲਬਾਤ ਕੀਤੀ। ਦੋਵਾਂ ਵਿਚਾਲੇ ਯਾਤਰਾ ਸਬੰਧੀ ਮੁੱਦਿਆਂ ’ਤੇ ਗੱਲਬਾਤ ਹੋਈ ਅਤੇ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ ਨੂੰ ਸਹਿਜ ਬਣਾਉਣ ’ਤੇ ਸਹਿਮਤੀ ਬਣੀ।
ਬ੍ਰਿਟੇਨ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ 11 ਅਕਤੂਬਰ ਤੋਂ ਬਾਅਦ ਤੋਂ ‘ਕੋਵੀਸ਼ੀਲਡ’ ਜਾਂ ਉਸ ਵੱਲੋਂ ਮਨਜ਼ੂਰ ਦੂਜੀ ਵੈਕਸੀਨ ਦੀਆਂ ਸਾਰੀਆਂ ਡੋਜ਼ ਲਗਵਾਉਣ ਵਾਲੇ ਭਾਰਤੀਆਂ ਨੂੰ 10 ਦਿਨ ਦੇ ਜ਼ਰੂਰੀ ਕੁਆਰੰਟਾਈਨ ਵਿਚ ਨਹੀਂ ਰਹਿਣਾ ਹੋਵੇਗਾ। ਬ੍ਰਿਟੇਨ ਦੇ ਇਸ ਫ਼ੈਸਲੇ ਤੋਂ ਬਾਅਦ ਭਾਰਤ ਵੀ ਬ੍ਰਿਟਿਸ਼ ਨਾਗਰਿਕਾਂ ਨੂੰ ਲੈ ਕੇ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਬ੍ਰਿਟਿਸ਼ ਵਿਦੇਸ਼ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ, ‘ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟ੍ਰਸ ਨਾਲ ਗੱਲਬਾਤ ਕਰਕੇ ਚੰਗਾ ਲੱਗਾ। ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਨੂੰ ਸਹਿਜ ਬਣਾਉਣ ’ਤੇ ਸਹਿਮਤੀ ਬਣੀ। ਇਸ ਨਾਲ ਰੋਡਮੈਪ 2030 ਨੂੰ ਲਾਗੂ ਕਰਨ ਵਿਚ ਮਦਦ ਮਿਲੇਗੀ।’
Good to talk to UK Foreign Secretary @trussliz.
Agreed to facilitate travel between our two countries.
This will help to implement the Roadmap 2030.
— Dr. S. Jaishankar (@DrSJaishankar) October 8, 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪੀਐੱਮ ਬੋਰਿਸ ਜੌਨਸਨ ਵਿਚਾਲੇ ਮਈ ਵਿਚ ਹੋਈ ਵਰਚੁਅਲ ਸਿਖਰ ਬੈਠਕ ਵਿਚ ਰੋਡਮੈਪ 2030 ਨੂੰ ਅਪਣਾਇਆ ਗਿਆ ਸੀ। ਇਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਵਿਚ ਬਦਲਣਾ ਅਤੇ ਅਗਲੇ ਦਹਾਕੇ ਵਿਚ ਵਪਾਰ ਅਤੇ ਅਰਥਵਿਵਸਥਾ, ਰੱਖਿਆ ਤੇ ਸੁਰੱਖਿਆ, ਪੌਣਪਾਣੀ ਪਰਿਵਰਤਨ ਅਤੇ ਲੋਕਾਂ ਨਾਲ ਲੋਕਾਂ ਵਿਚਾਲੇ ਜੁੜਾਅ ਨਾਲ ਹੋਰਨਾਂ ਮੁੱਦਿਆਂ ਨੂੰ ਲੈ ਕੇ ਸਹਿਯੋਗ ਵਧਾਉਣਾ ਹੈ