ਟੇਲੈਂਟ ਸ਼ੋਅ ਆਫ ਪੰਜਾਬੀ ਕਲਚਰ ਦੌਰਾਨ ਫਰਿਜ਼ਨੋ ‘ਚ ਪੰਜਾਬੀ ਮੁੰਡੇ ਕੁੜੀਆਂ ਨੇ ਵਿਖਾਏ ਜੌਹਰ

Rajneet Kaur
2 Min Read
ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :  ਫਰਿਜ਼ਨੋ ਦੇ ਟਾਵਰ ਥੇਇਟਰ ਵਿੱਚ ਪੰਜਾਬੀ ਫਿਲਮਾਂ ਦੀ ਮਸ਼ਹੂਰ ਹੀਰੋਇਨ ਕਿਮੀ  ਵਰਮਾ ਵੱਲੋ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਟੇਲੈਂਟ ਸ਼ੋਅ ਆਫ ਪੰਜਾਬੀ ਕਲਚਰ ਨਾਮੀ ਸ਼ੋਅ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀਆ ਨਾਲ ਖਚਾ ਖੱਚ ਭਰੇ ਹਾਲ ਦੌਰਾਨ ਪੰਜਾਬੀਆ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਹਰਇੱਕ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ।
ਸਟੇਜ ਦੀ ਸ਼ੁਰੂਆਤ ਭਾਵੁਕ ਹੁੰਦਿਆਂ ਕਿਮੀ ਵਰਮਾਂ ਨੇ ਛੋਟੇ ਸਹਿਬਜਾਇਆ ਨੂੰ ਯਾਦ ਕਰਦਿਆਂ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਛੋਟੇ ਸਾਹਿਬਜ਼ਾਦੇ ਫ਼ਿਲਮ ਦੇ ਗੀਤ ਨੇ ਹਰ ਇੱਕ ਅੱਖ ਨਮ ਕਰ ਦਿੱਤੀ, ਇਸ ਗੀਤ ਨੂੰ ਤਰਿਪਤਜੀਤ ਕੌਰ ਨੇ ਰੂਹ ਨਾਲ ਗਾਇਆ। ਰੋਇਲ ਟਰਬਨ ਵਾਲੇ ਵੀਰ ਨੇ ਪੱਗ ਦੀ ਮਹਾਨਤਾ ਬਾਰੇ ਦੱਸਦਿਆਂ ਸਟੇਜ ਤੋ ਪੱਗ ਬੰਨ੍ਹਣੀ ਸਿਖਾਈ। ਉਪਰੰਤ ਛੋਟੇ ਬੱਚਿਆ ਦੀ ਮਨ ਮੋਹਿਕ ਪ੍ਰਫੌਰਮਿੰਸਾਂ ਨੇ ਸਭਨਾਂ ਦੇ ਮਨ ਮੋਹ ਲਏ।
ਬਰਾਇਡਲ ਸ਼ੋਅ ਦੌਰਾਨ ਸਜ-ਧਜਕੇ ਆਈਆ ਮੁਟਿਆਰਾਂ ਨੇ ਸਟੇਜ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਇਕੱਲੀ ਇਕੱਲੀ ਮੁਟਿਆਰ ਨੇ ਪੂਰਾ ਤਾਣਕੇ ਲਾਕੇ ਆਪੋ ਆਪਣੀ  ਆਈਟਮ ਨੂੰ ਬਾਖੂਬੀ ਨਿਭਾਇਆ। ਤਰਨਜੀਤ ਕੌਰ ਕਲੇਰ ਨੇ ਆਪਣੀ ਟੀਮ ਨਾਲ ਸਿੰਮੀ ਨਾਚ ਨੱਚਕੇ ਸਭਨਾਂ ਨੂੰ ਝੂਮਣ ਲਾ ਦਿੱਤਾ। ਜੀ. ਐਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਦੇ ਬੱਚਿਆ ਨੇ ਭੰਗੜੇ ਅਤੇ ਗਿੱਧੇ ਦੇ ਖ਼ੂਬ ਜੌਹਰ ਵਿਖਾਏ। ਪੱਪੀ ਭਦੌੜ ਨੇ ਇੱਕ ਗੀਤ ਰਾਹੀ ਹਾਜ਼ਰੀ ਲਵਾਈ। ਕਿਮੀ ਵਰਮਾ ਨੇ ਜੀ. ਐਚ. ਜੀ. ਭੰਗੜੇ ਦੀ ਟੀਮ ਨਾਲ ਆਪਣੀ ਬਾਕਾਮ ਪੇਸ਼ਕਾਰੀ ਕਰਕੇ ਹਾਲ ਤਾੜੀਆਂ ਨਾਲ ਗੂੰਜਣ ਲਾ ਦਿੱਤਾ।
ਭੰਗੜਾ ਕੋਚ ਜਸਪ੍ਰੀਤ ਸਿੱਧੂ ਦੀ ਅਦਾਕਾਰੀ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਅਖੀਰ ਵਿੱਚ ਭੰਗੜਾ ਕਿੰਗ ਸਰਬਜੀਤ ਚੀਮਾ ਨੇ ਆਪਣੇ ਨਵੇਂ ਪੁਰਾਣੇ ਗੀਤਾ ਦੀ ਐਸੀ ਛਹਿਬਰ ਲਾਈ  ਕਿ ਪੰਜਾਬੀਆ ਨੇ ਨੱਚ ਨੱਚ ਅੰਬਰੀ ਧੂੜ੍ਹ ਚੜਾ ਦਿੱਤੀ। ਢੇਸੀ ਪਰਿਵਾਰ ਦੀਆ ਸਕਿੰਟਾਂ ਨੇ ਦਰਸ਼ਕਾਂ ਦਾ ਖੂਬ ਧਿਆਨ ਖਿੱਚਿਆ । ਅਖੀਰ ਵਿੱਚ ਸਭਨਾਂ ਨੂੰ ਸਪਾਂਸਰਾਂ ਵੱਲੋ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਪੱਪੀ ਭਦੌੜ, ਬਿੱਟੂ ਦੇਵਗਨ ਅਤੇ ਜ਼ੋਰੇ ਢੋਲੀ ਦੇ ਮਿਊਜੀਕਲ ਗਰੁੱਪ ਦੀ ਹਰਕੋਈ ਤਰੀਫ਼ ਕਰਦਾ ਨਜ਼ਰ ਆਇਆ। ਸਟੇਜ ਸੰਚਾਲਨ ਜੋਤ ਰਣਜੀਤ ਕੌਰ ਅਤੇ ਸਨੀ ਬੱਬਰ ਨੇ ਬਾਖੂਬੀ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
 

Share this Article
Leave a comment