ਜੇਲ੍ਹ ‘ਚ ਬੰਦ ਅੱਤਵਾਦੀਆਂ ਤੇ ਨਸ਼ਾ ਤਸਕਰਾਂ ਨੂੰ ਮੋਬਾਈਲ ਫੋਨ ਉਪਲਬਧ ਕਰਵਾਉਣ ਦੇ ਦੋਸ਼ ‘ਚ ਫਿਰੋਜ਼ਪੁਰ ਦਾ DSP ਗ੍ਰਿਫਤਾਰ

Rajneet Kaur
2 Min Read

ਨਿਊਜ਼ ਡੈਸਕ: ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਡੀਐੱਸਪੀ ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੈਂਟ ਨੂੰ ਜੇਲ੍ਹ ਵਿਚ ਗੈਂਗਸਟਰਾਂ, ਅੱਤਵਾਦੀਆਂ ਤੇ ਨਸ਼ਾ ਸਮਗਲਰਾਂ ਨੂੰ ਮੋਬਾਈਲ ਫੋਨ ਉਪਲਬਧ ਕਰਵਾਉਣ ਅਤੇ ਵੱਡੇ ਪੱਧਰ ‘ਤੇ ਪੈਸੇ ਵਸੂਲਣ ਦੇ ਦੋਸ਼ ‘ਚ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਡੀਐਸਪੀ ਗੁਰਚਰਨ ਸਿੰਘ ਧਾਲੀਵਾਲ (ਡਿਪਟੀ ਸੁਪਰਡੈਂਟ) ਨੂੰ ਐਸਐਚਓ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਧਾਲੀਵਾਲ ਉੱਪਰ ਜੇਲ੍ਹ ਵਿੱਚ ਬੰਦ ਅੱਤਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਮੋਬਾਈਲ ਫ਼ੋਨ ਦੇ ਸਿਮ ਕਾਰਡ ਮੁਹੱਈਆ ਕਰਵਾਉਣ ਤੇ ਬਦਲੇ ਵਿੱਚ ਮੋਟੀ ਰਕਮ ਵਸੂਲਣ ਦੇ ਦੋਸ਼ ਹਨ।

ਪੁਲਿਸ ਜਦੋਂ ਐੱਸਐੱਚਓ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਿਚ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਬਗਦਾਦੀ ਗੇਟ ਫਿਰੋਜ਼ਪੁਰ ਸ਼ਹਿਰ ਵਿਚ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਡੀਐੱਸਪੀ ਗੁਰਚਰਨ ਸਿੰਘ ਧਾਲੀਵਾਲ ਜੇਲ੍ਹ ਵਿਚ ਆਪਣੇ ਸਟਾਫ ਨਾਲ ਮਿਲ ਕੇ ਕੈਦੀਆਂ ਨੂੰ ਮੋਬਾਈਲ, ਸਿਮ ਤੇ ਨਸ਼ਾ ਉੁਪਲਬਧ ਕਰਵਾਉਂਦਾ ਹੈ।

ਪੁਲਿਸ ਦੇ ਦੱਸਣ ਮੁਤਾਬਕ ਮੁਖ਼ਬਰ ਨੇ ਦੱਸਿਆ ਕਿ ਇਹ ਜੇਲ੍ਹ ਅਧਿਕਾਰੀ ਅਤਿਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਡਰੋਨ ਰਾਹੀਂ ਜੇਲ੍ਹ ਅੰਦਰ ਨਸ਼ਾ, ਮੋਬਾਈਲ ਤੇ ਹੋਰ ਵਸਤੂਆਂ ਭੇਜਣ ਦੀ ਸਾਜਿਸ਼ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਕਿ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਕਥਿਤ ਤੌਰ ’ਤੇ ਮੋਟੀ ਰਕਮ ਲੈ ਕੇ ਪੰਜ ਮੋਬਾਈਲ ਫ਼ੋਨ ਇਸ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਮੁਹੱਈਆ ਕਰਵਾਏ ਸਨ। ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪੁਲਿਸ ਨੇ ਇਸ ਜੇਲ੍ਹ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment