ਬਰੈਂਪਟਨ: ਕੈਲੋਡਨ ਦੀ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ 22 ਸਾਲਾ ਬਰੈਂਪਟਨ ਦੇ ਅਰਸ਼ਦੀਪ ਮੰਡ ਨੂੰ ਇਕ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ‘ਚ ਗਿਫ਼ਤਾਰ ਕੀਤਾ ਗਿਆ ਹੈ। ਅਰਸ਼ਦੀਪ ਮੰਡ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਸਣੇ ਤਿੰਨ ਦੋਸ਼ ਆਇਦ ਕੀਤੇ ਹਨ।
ਪੁਲਿਸ ਮੁਤਾਬਕ ਇਹ ਹਾਦਸਾ ਕੈਲੇਡਨ ਦੀ ਹੀਲੀ ਰੋਡ ਅਤੇ ਨਿਕਸਨ ਰੋਡ ‘ਤੇ 13 ਮਈ ਨੂੰ ਵਾਪਰਿਆ ਜਿਸ ਦੌਰਾਨ ਇਕ ਕਾਲੇ ਰੰਗ ਦੀ ਸੇਡਾਨ ਅਤੇ ਦੋ ਪਿਕਅੱਪ ਟਰਕ ਦੀ ਟੱਕਰ ਹੋ ਗਈ। ਜਿਸ ‘ਚ ਕਾਲੇ ਰੰਗ ਦੀ ਕਾਰ ਬੇਹੱਦ ਤੇਜ਼ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਜਾ ਰਹੀ ਸੀ ਸੜਕ ਪਾਰ ਕਰਦਿਆਂ ਪਹਿਲਾਂ ਮਾਮੂਲੀ ਤੌਰ ਤੇ ਸਫ਼ੈਦ ਪਿਕਅਪ ਟਰੱਕ ਨਾਲ ਟਕਰਾਈ ਅਤੇ ਫਿਰ ਇਸ ਦੀ ਗਰੇਅ ਪਿਕਅੱਪ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਗਰੇਅ ਪਿਕਅੱਪ, 79 ਸਾਲਾ ਇਕ ਬਜ਼ੁਰਗ ਚਲਾ ਰਿਹਾ ਸੀ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਦੂਜੀਆਂ ਗੱਡੀਆਂ ਦੇ ਡਰਾਈਵਰ ਵੀ ਹਾਦਸੇ ਦੌਰਾਨ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ। ਕੈਲੇਡਨ ਦੀ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਹਾਦਸੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।