ਕੈਲਗਰੀ: ਕੈਨੇਡਾ ‘ਚ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਰਨਵੀਰ ਸੰਧੂ ਸਣੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨਾਂ ਕੋਲੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ, ਹਥਿਆਰ ਅਤੇ ਨਕਦੀ ਬਰਾਮਦ ਹੋਈ ਹੈ। ਇਸ ਗਿਰੋਹ ਦਾ ਇੱਕ ਮੈਂਬਰ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਨਸ਼ਾ ਤਸਕਰੀ ਦਾ ਇਹ ਨੈਟਵਰਕ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਤੋਂ ਸ਼ੁਰੂ ਹੋ ਕੇ ਕੈਲਗਰੀ, ਐਡਮਿੰਟਨ, ਮੈਡੀਸਿਨ ਹੋਟ, ਰੋਡ ਡੀਅਰ, ਗਰੈਂਡ ਪੇਰੀ, ਸਸਕਾਟੂਨ ਅਤੇ ਵਿਨੀਪੈੱਗ ਤੱਕ ਫ਼ੈਲਿਆ ਹੋਇਆ ਸੀ। ਪੁਲਿਸ ਏਜੰਸੀਆਂ ਵਲੋਂ ‘ਪ੍ਰੋਜੈਕਟ ਮੋਟਰ’ ਤਹਿਤ ਸਾਂਝੇ ਤੌਰ ‘ਤੇ 18 ਮਹੀਨੇ ਜਾਂਚ ਅਪਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਇਸ ਵੱਡੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਹੋਇਆ।
ਪੁਲਿਸ ਨੇ ਇਸ ਗਿਰੋਹ ਕੋਲੋਂ 50 ਗ੍ਰਾਮ ਕੋਕੀਨ, 4998 ਗ੍ਰਾਮ ਫੈਟਾਨਿਲ ਅਤੇ 9970 ਗ੍ਰਾਮ ਮੈਥਮਫੈਟਾਮਾਈਨ ਬਰਾਮਦ ਕੀਤੀ, ਜਿਸ ਦੀ ਕੀਮਤ ਲਗਭਗ 1.6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਗਿਰੋਹ ਕੋਲੋਂ 11 ਹਥਿਆਰ ਅਤੇ 82 ਹਜ਼ਾਰ 500 ਡਾਲਰ ਦੀ ਨਕਦੀ ਵੀ ਬਰਾਮਦ ਹੋਈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਆਪਣੇ ਇਲਾਕੇ ਵਿੱਚ ਕਿਸੇ ਵੀ ਤਰਾਂ ਦੀ ਨਸ਼ਾ ਤਸਕਰੀ ਜਾਂ ਗਿਰੋਹ ਦੇ ਸਰਗਰਮ ਹੋਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਸਥਾਨਕ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ।