ਬਲਾਚੌਰ: ਨਵਾਸ਼ਹਿਰ ‘ਚ ਇੱਕ ਨਸ਼ੇੜੀ ਪੁੱਤਰ ਨੇ ਆਪਣੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਕੰਗਣਾ ਬੇਟ ‘ਚ ਵਾਪਰੀ ਹੈ। ਹਰਦੀਪ ਸਿੰਘ ਜੋ ਨਸ਼ੇ ਦਾ ਆਦੀ ਸੀ ਉਸ ਨੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਆਪਣੇ ਪਿਤਾ ਜੋਗਿੰਦਰ ਪਾਲ ਅਤੇ ਮਾਂ ਪਰਮਜੀਤ ਕੋਰ ਦਾ ਕਤਲ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇ ਕੇ ਲੜਕਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲਿਆ ਅਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਹਰਦੀਪ ਨੂੰ ਨਸ਼ਾ ਛੁਡਾਊ ਕੇਂਦਰ ‘ਚ ਵੀ ਭਰਤੀ ਕੀਤਾ ਹੋਇਆ ਸੀ। ਨਸ਼ੇ ਦੇ ਕਾਰਨ ਉਹ ਕੋਈ ਕੰਮਕਾਰ ਵੀ ਨਹੀਂ ਕਰਦਾ ਸੀ।
ਮ੍ਰਿਤਕ ਜੋਗਿੰਦਰ ਪਾਲ ਵਿਦੇਸ਼ ‘ਚ ਰਹਿੰਦਾ ਸੀ ਅਤੇ ਕੋਰੋਨਾ ਦੌਰਾਨ ਲਾਏ ਗਏ ਲੌਕਡਾਊਨ ਕਾਰਨ ਉਹ ਕੁਝ ਮਹਿਨੇ ਪਹਿਲਾਂ ਭਾਰਤ ਵਾਪਸ ਆਇਆ ਸੀ। ਬੀਤੀ ਰਾਤ ਹਰਦੀਪ ਦਾ ਨਸ਼ੇ ਦੀ ਤੋੜ ‘ਚ ਪਰਿਵਾਰ ਨਾਲ ਝਗੜਾ ਹੋ ਗਿਆ। ਜਿਸ ਦੌਰਾਨ ਉਸ ਨੇ ਆਪਣੇ ਮਾਤਾ-ਪਿਤਾ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ।