ਵਾਸ਼ਿੰਗਟਨ: ਹਰ ਸਾਲ ਵੱਡੀ ਗਿਣਤੀ ਵਿੱਚ ਅਮਰੀਕੀ ਸਟੂਡੈਂਟ ਵੀਜ਼ੇ (F-1) ਜਾਰੀ ਕੀਤੇ ਜਾਂਦੇ ਹਨ, ਅਤੇ ਸਭ ਤੋਂ ਵੱਧ ਵੀਜ਼ੇ ਭਾਰਤੀ ਵਿਦਿਆਰਥੀਆਂ ਨੂੰ ਮਿਲਦੇ ਹਨ। ਪਰ, ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕਾ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅਤੇ ਰੁਝਾਨ ਵਿੱਚ ਕਮੀ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮਾਰਚ ਤੋਂ ਮਈ 2025 ਤੱਕ F-1 ਸਟੂਡੈਂਟ ਵੀਜ਼ਿਆਂ ਦੀ ਗਿਣਤੀ ਵਿੱਚ ਕਾਫੀ ਗਿਰਾਵਟ ਦੇਖੀ ਗਈ ਹੈ।
ਕੋਵਿਡ ਤੋਂ ਬਾਅਦ ਸਭ ਤੋਂ ਹੇਠਾਂ ਪੱਧਰ
ਮਾਰਚ ਤੋਂ ਮਈ 2025 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹੈਰਾਨੀ ਹੁੰਦੀ ਹੈ। 2021 ਵਿੱਚ ਕੋਵਿਡ ਮਹਾਮਾਰੀ ਕਾਰਨ ਅਮਰੀਕੀ ਸਟੂਡੈਂਟ ਵੀਜ਼ੇ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। 2022, 2023 ਅਤੇ 2024 ਦੇ ਮੁਕਾਬਲੇ 2025 ਦੇ ਮਾਰਚ, ਅਪ੍ਰੈਲ ਅਤੇ ਮਈ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਵੀਜ਼ਿਆਂ ਵਿੱਚ ਮੁੜ ਗਿਰਾਵਟ ਦਰਜ ਕੀਤੀ ਗਈ। ਇਸ ਦੀ ਮੁੱਖ ਵਜ੍ਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਹਨ। ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਸਖ਼ਤ ਕਰ ਦਿੱਤਾ ਹੈ। ਨਾਲ ਹੀ, ਕਈ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਫਿਲਸਤੀਨ ਸਮਰਥਕ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਜਾਂ ਸੋਸ਼ਲ ਮੀਡੀਆ ’ਤੇ ਅਮਰੀਕਾ ਅਤੇ ਇਜ਼ਰਾਈਲ ਵਿਰੋਧੀ ਪੋਸਟਾਂ ਕਾਰਨ ਰੱਦ ਕੀਤੇ ਗਏ ਹਨ।
ਟਰੰਪ ਨੇ ਹਾਰਵਰਡ ਵਰਗੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਤਰਜੀਹ ਨਾ ਦੇਣ ਦੀ ਸਲਾਹ ਦਿੱਤੀ ਹੈ। ਇਸ ਕਾਰਨ ਭਾਰਤੀਆਂ ਸਮੇਤ ਹੋਰ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ਵਿੱਚ ਪੜ੍ਹਾਈ ਕਰਨ ਦਾ ਰੁਝਾਨ ਘਟਿਆ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਦੀ ਸਖ਼ਤ ਜਾਂਚ ਅਤੇ ਵੀਜ਼ਾ ਇੰਟਰਵਿਊਆਂ ’ਤੇ ਰੋਕ ਨੇ ਵੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾਈਆਂ ਹਨ। ਨਤੀਜੇ ਵਜੋਂ, ਕਈ ਵਿਦਿਆਰਥੀ ਹੁਣ ਜਰਮਨੀ, ਯੂਕੇ ਅਤੇ ਆਇਰਲੈਂਡ ਵਰਗੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ, ਜਿੱਥੇ ਵੀਜ਼ਾ ਪ੍ਰਕਿਰਿਆ ਅਤੇ ਸਿੱਖਿਆ ਸਸਤੀ ਅਤੇ ਸੁਰੱਖਿਅਤ ਮੰਨੀ ਜਾਂਦੀ ਹੈ।
ਅਮਰੀਕੀ ਅਰਥਵਿਵਸਥਾ ’ਤੇ ਅਸਰ
ਭਾਰਤੀ ਵਿਦਿਆਰਥੀ ਅਮਰੀਕੀ ਅਰਥਵਿਵਸਥਾ ’ਚ $43.8 ਅਰਬ ਦਾ ਯੋਗਦਾਨ ਪਾਉਂਦੇ ਹਨ ਅਤੇ 3,78,000 ਨੌਕਰੀਆਂ ਨੂੰ ਸਮਰਥਨ ਦਿੰਦੇ ਹਨ। ਵੀਜ਼ਾ ਜਾਰੀ ਹੋਣ ’ਚ 15-20% ਦੀ ਅਨੁਮਾਨਿਤ ਕਮੀ ਨਾਲ ਅਮਰੀਕੀ ਯੂਨੀਵਰਸਿਟੀਆਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।