ਨਿਊਜ਼ ਡੈਸਕ: ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਗਏ ਇੱਕ ਭਾਰਤੀ ਨੌਜਵਾਨ ਦਾ ਜੀਵਨ ਇੱਕ ਝਟਕੇ ਵਿੱਚ ਖਤਮ ਹੋ ਗਿਆ। ਤੇਲੰਗਾਨਾ ਦੇ ਵਾਸੀ ਪੋਲੇ ਚੰਦਰਸ਼ੇਖਰ ਦਾ ਅਮਰੀਕਾ ਦੇ ਡਲਾਸ ਸ਼ਹਿਰ ਵਿੱਚ ਲੁੱਟੇਰਿਆਂ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। BDS ਪੂਰਾ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਅਮਰੀਕਾ ਪਹੁੰਚੇ ਇਸ ਦਲਿਤ ਨੌਜਵਾਨ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਡੁਬੋ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ (3 ਅਕਤੂਬਰ, 2025) ਨੂੰ ਸਵੇਰੇ ਵਾਪਰੀ। 25 ਸਾਲਾਂ ਦੇ ਚੰਦਰਸ਼ੇਖਰ ਨੇ ਹੈਦਰਾਬਾਦ ਦੇ ਇੱਕ ਕਾਲਜ ‘ਚੋਂ ਬੈਚਲਰ ਇਨ ਡੈਂਟਲ ਸਰਜਰੀ (BDS) ਦੀ ਡਿਗਰੀ ਹਾਸਲ ਕੀਤੀ ਸੀ। ਚੰਗੇ ਭਵਿੱਖ ਦੀ ਭਾਲ ਵਿੱਚ ਉਹ ਹਾਲ ਹੀ ਵਿੱਚ ਡਲਾਸ ਚਲਾ ਗਿਆ ਸੀ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਨੌਕਰੀ ਵੀ ਕਰ ਰਿਹਾ ਸੀ।
ਅਣਪਛਾਤੇ ਲੁੱਟੇਰਿਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ
ਸਥਾਨਕ ਸੂਤਰਾਂ ਅਨੁਸਾਰ, ਸਵੇਰੇ ਦੇ ਸਮੇਂ ਕੁਝ ਅਣਪਛਾਤੇ ਲੁਟੇਰੇ ਸਟੇਸ਼ਨ ਵਿੱਚ ਦਾਖਲ ਹੋਏ ਅਤੇ ਲੁੱਟਮਾਰ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚੰਦਰਸ਼ੇਖਰ ਨੂੰ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਜਾਨ ਚਲੇ ਗਈ। ਡਲਾਸ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਾਂਚ ਜਾਰੀ ਹੈ।
ਤੇਲੰਗਾਨਾ BRS ਵਿਧਾਇਕ ਹਰੀਸ਼ ਰਾਓ ਨੇ ਪ੍ਰਗਟ ਕੀਤਾ ਦੁਖ
BRS ਵਿਧਾਇਕ ਹਰੀਸ਼ ਰਾਓ ਨੇ ਪਰਿਵਾਰ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਦੁੱਖ ਵੰਡਾਇਆ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਦਲਿਤ ਵਿਦਿਆਰਥੀ ਚੰਦਰਸ਼ੇਖਰ ਦਾ ਸੰਸਾਰ ਤੋੰ ਇੰਝ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ। BDS ਪੂਰਾ ਕਰਕੇ ਅਮਰੀਕਾ (ਡਲਾਸ) ਉੱਚ ਸਿੱਖਿਆ ਲਈ ਗਿਆ ਚੰਦਰਸ਼ੇਖਰ ਸਵੇਰੇ-ਸਵੇਰੇ ਲੁਟੇਰਿਆ ਦੀ ਗੋਲੀਬਾਰੀ ਵਿੱਚ ਜਾਨ ਗਵਾ ਬੈਠਾ। ਮਾਂ-ਪਿਤਾ ਦਾ ਉਹ ਦਰਦ, ਜੋ ਬੇਟੇ ਨੂੰ ਉਚਾਈਆਂ ‘ਤੇ ਵੇਖਣ ਦਾ ਸੁਪਨਾ ਸਜਾਉਂਦੇ ਸਨ, ਹੁਣ ਟੁੱਟ ਗਿਆ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮੇਰੀ ਡੂੰਘੀ ਸੰਵੇਦਨਾ।’
ਰਾਓ ਨੇ ਤੇਲੰਗਾਨਾ ਸਰਕਾਰ ਨੂੰ ਵਿਦੇਸ਼ ਮੰਤਰਾਲੇ ਅਤੇ ਅਮਰੀਕੀ ਦੂਤਘਰ ਨਾਲ ਤਾਲਮੇਲ ਕਰਕੇ ਮ੍ਨੂੰਰਿਤਕ ਦੇਹ ਨੂੰ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਤੁਰੰਤ ਮਦਦ ਜ਼ਰੂਰੀ ਹੈ, ਤਾਂ ਜੋ ਪਰਿਵਾਰ ਨੂੰ ਹੋਰ ਮਾਨਸਿਕ ਪਰੇਸ਼ਾਨੀ ਨਾ ਸਹਿਣੀ ਪਵੇ।