ਡਾ.ਐਸ.ਪੀ.ਸਿੰਘ ਓਬਰਾਏ ਨੇ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਬਚਾਈ ਇੱਕ ਹੋਰ ਜ਼ਿੰਦਗੀ

TeamGlobalPunjab
2 Min Read

ਜਲੰਧਰ – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਮੁੜ ਦੁਬਈ ‘ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ਚੋਂ ਬਚਾ ਕੇ ਆਪਣੀ ਸੇਵਾ ਦੇ ਇਤਿਹਾਸ ਵਿੱਚ ਮੁੜ ਇੱਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ ਹੈ।

ਮੌਤ ਦੇ ਮੂੰਹ ‘ਚੋਂ ਨਿਕਲ ਕੇ ਬੀਤੀ ਰਾਤ ਆਪਣੇ ਪਰਿਵਾਰ ਕੋਲ ਪਹੁੰਚੇ ਸੋਹਨ ਲਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਅੱਜ ਇੱਥੇ ਇੱਕ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦੁਬਈ ਅੰਦਰ 9 ਜੂਨ 2016 ਨੂੰ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਡਡਹਾ ਦੌਲਤਪੁਰ ਨਾਲ ਸਬੰਧਿਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਉਪਰੰਤ ਦੁਬਈ ਪੁਲਿਸ ਨੇ ਇਸ ਕੇਸ ‘ਚ ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ‘ਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਡਾ. ਓਬਰਾਏ ਨੇ ਦੱਸਿਆ ਕਿ ਜਦ ਇਸ ਕੇਸ ਦੇ ਹੱਲ ਸਬੰਧੀ ਰਿਟਾਇਰਡ ਆਈ.ਪੀ.ਐੱਸ. ਸੱਜਣ ਸਿੰਘ ਚੀਮਾ ਨੇ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਉਪਰੰਤ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੀ ਸਜ਼ਾਯਾਫ਼ਤਾ ਸੋਹਨ ਲਾਲ ਪੁੱਤਰ ਕਰਮ ਚੰਦ ਦਾ ਕੋਰਟ ਕੇਸ ਲੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਸ ਦੀ ਫ਼ਾਂਸੀ ਮੁਆਫ਼ ਕਰਵਾਉਣ ਉਪਰੰਤ ਅੱਜ ਕਰੀਬ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ ‘ਚੋਂ ਕੱਢ ਕੇ ਉਸ ਨੂੰ ਪਰਿਵਾਰ ‘ਚ ਲੈ ਆਂਦਾ ਹੈ।

ਇਸੇ ਦੌਰਾਨ ਗੱਲਬਾਤ ਕਰਦਿਆਂ ਫਾਂਸੀ ਦੀ ਸਜ਼ਾ ਤੋਂ ਬੱਚ ਕੇ ਆਏ ਸੋਹਨ ਲਾਲ ਨੇ ਦੱਸਿਆ ਕਿ ਉਸ ਨੇ ਤਾਂ ਆਸ ਲਾਹ ਦਿੱਤੀ ਸੀ ਕਿ ਹੁਣ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇਗਾ ਪਰ ਅਚਾਨਕ ਰੱਬ ਦੇ ਫ਼ਰਿਸ਼ਤੇ ਰੂਪੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਉਸ ਲਈ ਕਾਨੂੰਨੀ ਲੜਾਈ ਲੜ ਕੇ ਅਤੇ ਬਲੱਡ ਮਨੀ ਦੇ ਕੇ ਉਸ ਨੂੰ ਮੌਤ ਦੇ ਐਨ ਨੇੜਿਓਂ ਬਚਾ ਕੇ ਇੱਕ ਨਵਾਂ ਜੀਵਨ ਦਿੱਤਾ ਹੈ।

Share this Article
Leave a comment