ਬੀਜ ਘੁਟਾਲੇ ‘ਚ 1 ਹੋਰ ਗ੍ਰਿਫਤਾਰ, 12 ਬੀਜ ਡੀਲਰਸ਼ਿਪਾਂ ਰੱਦ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਜਾਲੀ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਸੂਬਾ ਪੱਧਰੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ ਘੁਟਾਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੁਧਿਆਣਾ ਵਿੱਚ ਅਣਅਧਿਕਾਰਤ ਤੌਰ ’ਤੇ ਗੈਰ ਪ੍ਰਮਾਣਿਤ ਝੋਨੇ ਦਾ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਹੈ।

ਬੀਜ ਘੁਟਾਲੇ ਲਈ ਗਠਿਤ ਐਸ.ਆਈ.ਟੀ. ਦੁਆਰਾ ਕੀਤੀ ਗਈ ਗ੍ਰਿਫਤਾਰੀ ਦਾ ਵੇਰਵਾ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਬੀਜ ਕੰਟਰੋਲ ਆਰਡਰ ਕਾਨੂੰਨ ਦੀਆਂ ਧਾਰਾਵਾਂ 3, 8, 9, ਜਰੂਰੀ ਵਸਤਾਂ ਕਾਨੂੰਨ ਦੀਆਂ ਧਾਰਾਵਾਂ 2, 3, 7 ਅਤੇ ਆਈਪੀਸੀ ਦੀ 420 ਤਹਿਤ ਮੁੱਖ ਖੇਤੀ ਅਫਸਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੋਇਆ ਹੈ ਅਤੇ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਾਲੀਆਂ ਪੁੱਤਰ ਭਗਤ ਸਿੰਘ ਵਾਸੀ ਭੂੰਦੜੀ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਬਲਜਿੰਦਰ ਦੀ ਗ੍ਰਿਫਤਾਰੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ, ਜਿਸ ਨੂੰ ਪਹਿਲਾਂ ਇਸ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰੀ ਕੀਤਾ ਗਿਆ ਸੀ।

ਇਹ ਬਲਜਿੰਦਰ ਸਿੰਘ ਜਗਰਾਉਂ ਵਿਖੇ 34 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਪੀਏਯੂ ਦੁਆਰਾ ਗਠਿਤ ਕੀਤੀ ਗਈ ਕਿਸਾਨ ਐਸੋਸੀਏਸਨ ਦਾ ਮੈਂਬਰ ਹੈ ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਨਵੇਂ ਬੀਜ ਦੀ ਪੈਦਾਵਾਰ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਉਸਨੂੰ ਅਜ਼ਮਾਇਸ਼ ਵਜੋਂ ਬਿਜਾਈ ਲਈ ਪਿਛਲੇ ਸਾਲ ਝੋਨੇ ਦਾ ਨਵਾਂ ਵਿਕਸਤ ਬੀਜ ਪੀਆਰ 128 ਅਤੇ ਪੀਆਰ 129 ਦਿੱਤਾ ਗਿਆ ਸੀ। ਪਰ ਉਸਨੇ ਪਰਖ ਵਜੋਂ ਤਿਆਰ ਕੀਤੀ ਵਾਧੂ ਫਸਲ ਦੇ ਬੀਜ ਦਾ ਉਤਪਾਦਨ ਕੀਤਾ ਅਤੇ ਉਸ ਨੂੰ ਬਿਨਾਂ ਅਧਿਕਾਰ ਤੋਂ ਬਰਾੜ ਬੀਜ ਸਟੋਰ ’ਤੇ ਵੇਚ ਦਿੱਤਾ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਰਖ ਵਾਲੇ ਬੀਜ ਦੀ ਇਹ ਵਿਕਰੀ ਸਪੱਸਟ ਤੌਰ ‘ਤੇ ਗੈਰ ਕਾਨੂੰਨੀ ਸੀ ਕਿਉਂਕਿ ਕੇਂਦਰੀ ਬੀਜ ਨੋਟੀਫਾਈਡ ਕਮੇਟੀ ਦੁਆਰਾ ਪ੍ਰਮਾਣਿਤ ਹੋਣ ਤੱਕ ਪਰਖ ਅਧੀਨ ਬੀਜ ਨੂੰ ਖੁੱਲੀ ਮੰਡੀ ਵਿੱਚ ਨਹੀਂ ਵੇਚਿਆ ਜਾ ਸਕਦਾ।

Share this Article
Leave a comment