ਅੰਮ੍ਰਿਤਸਰ : ਗੁਰੂ ਗ੍ਰੰਥ ਸਾਹਿਬ ਜੀ 328 ਪਾਵਨ ਸਰੂਪ ਲਾਪਤਾ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ.ਰੂਪ ਖੁੱਲ੍ਹ ਕੇ ਨਿੱਤਰੇ ਹਨ। ਡਾ.ਰੂਪ ਸਿੰਘ ਨੇ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਘੇਰਦੇ ਹੋਏ ਕਿਹਾ ਕਿ ਮੈਨੂੰ ਜਾਣ ਬੁੱਝ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਡਾ ਰੂਪ ਸਿੰਘ ਨੇ ਇੱਕ ਚਿੱਠੀ ਜਾਰੀ ਕਰਦੇ ਹੋਏ ਲਿਖਿਆ ਕਿ –
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਘਟਣ/ ਗੁੰਮ/ ਲਾਪਤਾ ਹੋਣ ਸਬੰਧੀ ਚਲ ਰਹੇ ਹਿਰਦੇਵੇਦਕ ਵਾਦ-ਵਿਵਾਦ ਨਾਲ ਸਿੱਖ ਸੰਗਤਾਂ ਦੇ ਨਾਲ ਨਾਲ ਮੈਂ ਵੀ ਮਾਨਸਿਕ ਤੌਰ ਤੇ ਅਸਹਿ ਪੀੜਾ ਵਿੱਚ ਹਾਂ। ਉਸੇ ਤਕਲੀਫ ਅਤੇ ਵੇਦਨਾ ਦੇ ਪ੍ਰਭਾਵ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਹੋਣ ਨਾਤੇ ਸਿਰਫ ਅਤੇ ਸਿਰਫ ਨੈਤਿਕਤਾ ਦੇ ਅਧਾਰ ‘ਤੇ ਮੈ ਅਹੁਦੇ ਤੋਂ ਅਸਤੀਫਾ ਦਿੱਤਾ ਸੀ , ਜੋ ਮੀਡੀਆ ਦੀਆਂ ਖਬਰਾਂ ਅਨੁਸਾਰ 27/8/2020 ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨ ਹੋ ਚੁੱਕਾ ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿਤ ਨੈਤਿਕਤਾ ਦੇ ਅਧਾਰ ਤੇ ਮੇਰੇ ਵੱਲੋਂ ਦਿੱਤੇ ਗਏ ਅਸਤੀਫ਼ੇ ਉਪ੍ਰੰਤ ਸੰਗਤ ਵੱਲੋਂ ਪ੍ਰਧਾਨ ਸਾਹਿਬ ਤੋਂ ਵੀ ਅਸਤੀਫੇ ਦੀ ਮੰਗ ਉੱਠੀ ਤਾਂ ਕੁੱਝ ਦਿਨਾਂ ਬਾਅਦ ਪ੍ਰਧਾਨ ਸਾਹਿਬ ਟੀ.ਵੀ ਚੈਨਲ ‘ਤੇ ਕਹਿੰਦੇ ਹਨ ਕਿ ਉਨਹਾਂ ਦਾ ਨਾਮ ਦੋਸ਼ੀਆਂ ਦੀ ਸੂਚੀ ਵਿੱਚ ਨਹੀ, ਡਾਕਟਰ ਰੂਪ ਸਿੰਘ ਦਾ ਨਾਂ ਦੋਸ਼ੀਆਂ ਦੀ ਸੂਚੀ ਚ ਸ਼ਾਮਲ ਹੈ,ਇਸ ਕਰਕੇ ਦੋਸ਼ੀ ਹੈ। ਪ੍ਰਧਾਨ ਸਾਹਿਬ ਜੀ, ਜੇ ਮੈਂ ਪੜਤਾਲ ਚ ਦੋਸ਼ੀ ਸਾਂ ਤਾਂ ਤੁਹਾਨੂੰ ਮੇਰਾ ਅਸਤੀਫਾ ਅਪ੍ਰਵਾਨ ਕਰਕੇ ਮੇਰੇ ਤੇ ਕਾਰਵਾਈ ਕਰਨੀ ਚਾਹੀਦੀ ਸੀ।
ਮੇਰਾ ਸੁਭਾਊ ਹੈ ਕਿ ਮੈਂ ਦੋਸ਼ਾਂ-ਪ੍ਰਤੀ ਦੋਸ਼ਾਂ ਵਿੱਚ ਯਕੀਨ ਨਹੀਂ ਰੱਖਦਾ ਅਤੇ ਮੇਰੀ ਇਸੇ ਬਿਰਤੀ ਦਾ ਨਜਾਇਜ਼ ਫਾਇਦਾ ਉਠਾਦਿਆਂ ਦੋਸ਼ ਮੇਰੇ ਸਿਰ ਮੜ ਕੇ ਮੇਰਾ ਹੀ ਨਾਮ ਸੰਸਾਰ ਪੱਧਰ ਤੇ ਬਦਨਾਮ ਕੀਤਾ ਗਿਆ, ਪੜਤਾਲ ਅਨੁਸਾਰ ਵੀ ਮੁੱਖ ਦੋਸ਼ੀਆਂ ਨੂੰ ਛਡ ਕੇ ਸ਼ਾਜਿਸ਼ ਤਹਿਤ ਸਾਰਾ ਦੋਸ਼ ਮੇਰੇ ‘ਤੇ ਮੜ੍ਹਿਆ ਗਿਆ ਤੇ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਜਿਵੇਂ ਪਾਵਨ ਸਰੂਪ ਮੈਂ ਹੀ ਕਿੱਧਰੇ ਭੇਜੇ ਹੋਣ।
ਪਰ ਸਚਾਈ ਇਹ ਹੈ ਕਿ ਅੱਜ ਤਕ ਮੈਨੂੰ ਦਫਤਰੀ ਤੋਰ ਤੇ ਕੋਈ ਸੂਚਨਾ ਨਹੀਂ ਕਿ ਮੇਰੇ ਅਸਤੀਫੇ ‘ਤੇ ਕੀ ਕਾਰਵਾਈ ਕੀਤੀ ਤੇ ਨਾਂ ਹੀ ਕੋਈ ਦੋਸ਼ ਪੱਤਰ ਮਿਲਿਆ ਹੈ, ਜਿਸ ਤੋਂ ਮੈੰਨੂ ਮੇਰੇ ਦੋਸ਼ ਸਮਝ ਲਗਣ। ਅਜਿਹੇ ਗੰਭੀਰ ਮਾਮਲੇ ਤੇ ਤਿਆਰ ਕੀਤਾ ਗਿਆ ਮਤਾ ਰਲੀਜ ਕਰਕੇ , ਦਫਤਰੀ ਆਰਡਰ ਕਰਨਾ ਚਾਹੀਦਾ ਸੀ ਜੋ ਅਜ ਤਕ ਮੈਨੂੰ ਨਹੀਂ ਮਿਲਿਆ।
ਮੇਰੀ ਬਦਨਾਮੀ ਦੇ ਕਾਰਨ ਮੇਰੇ ਸਮਾਜਿਕ/ ਮਾਨਸਿਕ ਜੀਵਨ ਦੀ ਹਤਿਆ ਹੋਈ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਗੰਭੀਰ ਮਾਨਸਿਕ ਸੰਤਾਪ ਵਿੱਚੋਂ ਗੁਜਰਨਾ ਪੈ ਰਿਹਾ ਹੈ। ਜੇਕਰ ਮੇਰੇ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ?
ਮੈਂ ਗੁਰੂ ਗ੍ਰੰਥ- ਗੁਰੂ-ਪੰਥ ਨੂੰ ਸਮਰਪਿਤ ਸੀ, ਅੱਜ ਵੀ ਹਾਂ ਅਤੇ ਹਮੇਸ਼ਾਂ ਰਹਾਂਗਾ, ਗੁਰੂ ਸਾਹਿਬ ਆਪਣੇ ਬਿਰਧ ਦੀ ਪੈਜ ਆਪ ਰੱਖ ਲੈਣ। ਹਾਂ ਜੇਕਰ ਮੈਂ ਇਕ ਵੀ ਪਾਵਨ ਸਰੂਪ ਨਿਰਧਾਰਤ ਪ੍ਰਕਿਰਿਆ/ਮਰਯਾਦਾ ਦੀ ਉਲੰਘਣਾ ਕਰਦਿਆਂ ਕਿਸੇ ਨੂੰ ਦਿੱਤਾ ਹੋਵੇ ਤਾਂ ਮੈਂ ਹਰ ਤਰ੍ਹਾਂ ਦੀ ਪੰਥਕ/ ਸਮਾਜਿਕ ਸਜਾ ਭੁਗਤਣ ਲਈ ਤਿਆਰ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਕਿਸੇ ਤਰਾਂ ਦੀ ਪੜਤਾਲ ਵਿੱਚ ਵੀ ਸਹਿਯੋਗੀ ਰਹਾਂਗਾ। ਪਹਿਲਾਂ ਵੀ ਛੁੱਟੀ ਦੌਰਾਨ ਜਦੋਂ ਮੈ ਕੈਨੇਡਾ ਵਿੱਚ ਸੀ ਤਾਂ ਪੜਤਾਲੀਆ ਕਮਿਸ਼ਨ ਵਲੋ ਮੈਨੂੰ ਈਮੇਲ /ਵਟਸਐਪ ਅਤੇ ਫ਼ੋਨ ਰਾਹੀਂ ਕੁਝ ਸੁਆਲ ਕੀਤੇ ਗਏ ਸਨ ਜਿਨ੍ਹਾਂ ਦੇ ਉਤਰ ਮੈ ਉਸੇ ਵੇਲੇ ਲਿਖਤੀ ਰੂਪ ਵਿੱਚ ਦੇ ਕੇ ਸੁਹਿਰਦਤਾ ਨਾਲ ਸਹਿਯੋਗ ਦਿੱਤਾ ਸੀ ਤੇ ਅੱਗੋਂ ਵੀ ਸਹਿਯੋਗੀ ਰਹਾਂਗਾ । ਪ੍ਰਧਾਨ ਸਾਹਿਬ ਕਿਰਪਾ ਕਰਕੇ ਪੜਤਾਲੀਆ ਰਿਪੋਰਟ ਤੋਂ ਸੰਗਤ ਨੂੰ ਸਪਸ਼ਟ ਕਰੋ ਪਾਵਨ ਸਰੂਪ ਕਿਉਂ ਘਟੇ? ਕਿੰਨੇ ਘਟੇ? ਕਿੱਥੇ ਗਏ ?
ਪੜਤਾਲੀਆ ਰਿਪੋਰਟ ਅਨੁਸਾਰ ਪਾਵਨ ਸਰੂਪ ਅਰੰਭ ਤੋ ਕਿੰਨੇ? ਕਿਸ ਨੂੰ? ਕਿਸ ਸਮੇਂ? ਕਿਸ ਦੀ ਆਗਿਆ ਨਾਲ ਗਏ ? ਸੂਚੀ ਜਨਤਕ ਕਰ ਦਿਓ , ਪੜਤਾਲ ਵਿੱਚ ਵਿਸਥਾਰ ਹੋਵੇਗਾ? ਚੰਗਾ ਹੋਵੇ ਸਿੱਖ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਜੇਕਰ ਪੜਤਾਲੀਆ ਰਿਪੋਰਟ ਜਨਤਕ ਕਰ ਦਿੱਤੀ ਜਾਵੇ।
ਦੂਸਰਾ ਮੁੱਦਾ ਬਣਾਇਆ ਜਾ ਰਿਹਾ ਹੈ ਮੇਰੇ ਵਿਦੇਸ਼ ਜਾਣ ਦਾ ਜੋ ਕਿ ਸ਼ਾਇਦ ਕੋਈ ਗੁਨਾਹ ਨਹੀਂ ? ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਆਪਣੇ ਪਰਿਵਾਰਕ, ਨਾ ਟਾਲੇ ਜਾ ਸਕਣ ਵਾਲੇ ਕਾਰਜਾਂ ਕਰਕੇ ਮੈਂ ਪਹਿਲਾਂ 5 ਮਾਰਚ, 2020 ਨੂੰ ਏਅਰ ਇੰਡੀਆ ਦੀ ਫਲਾਈਟ AI-115 , AI-187 ਦੀਆਂ ਦੋ ਟਿਕਟਾਂ (ਆਪਣੀ ਤੇ ਆਪਣੀ ਪਤਨੀ ) ਲਈ ਖਰੀਦ ਲਈਆਂ ਸੀ ਜੋ 19 ਅਪਰੈਲ,2020 ਵਾਸਤੇ ਸਨ । ਪਰ ਕਰੋਨਾ ਮਹਾਂਮਾਰੀ ਕਾਰਨ ਇਹ ਫਲਾਈਟ ਕੈਂਸਲ ਹੋ ਗਈ । ਫਿਰ ਪ੍ਰਧਾਨ ਸਾਹਿਬ ਪਾਸੋਂ ਵਿਦੇਸ਼ ਜਾਣ ਲਈ ਦਫਤਰੀ ਪੱਤਰ ਨੰਬਰ 1234 ਮਿਤੀ 23/06/2020 ਰਾਹੀਂ ‘ਜਦੋਂ ਵੀ ਅੰਤਰਰਾਸ਼ਟਰੀ ਉਡਾਣ ਮਿਲੇ’, ਉਸ ਸਮੇ ਤੋਂ 40 ਦਿਨਾਂ ਦੀ ਛੁੱਟੀ ਪ੍ਰਵਾਨ ਹੋਈ। ਜਿਸ ਅਨੁਸਾਰ ਮੈਨੂੰ 14/07/2020 ਨੂੰ ਅੰਤਰਰਾਸ਼ਟਰੀ ਉਡਾਣ ਮਿਲ ਗਈ ਤੇ 23/08/2020 ਨੂੰ ਰਾਤ ਵਾਪਸ ਦੇਸ਼ ਪਹੁੰਚੇ । 12/07/2020 ਨੂੰ ਮੀਟਿੰਗ ਉਪਰੰਤ ਪ੍ਰਧਾਨ ਸਾਹਿਬ ਅਤੇ ਦਫਤਰ ਵਿਖੇ ਦੱਸ ਕੇ ਗਿਆ ਸੀ।ਇਸ ਵਿੱਚ ਭਗੌੜੇ ਹੋਣ ਵਾਲੀ ਕਿਹੜੀ ਗਲ ਹੈ-ਮੇਰੀ ਸਮਝ ਤੋਂ ਬਾਹਰ ਹੈ।
ਕੈਨੇਡਾ ਪਹੁੰਚ ਕੇ 14 ਦਿਨ ਇਕਾਂਤਵਾਸ ਰਹਿਣਾ ਪਿਆ ਤੇ ਫਿਰ ਭਾਰਤ ਵਿਚ 14 ਦਿਨਾਂ ਦਾ ਇਕਾਂਤਵਾਸ ਅਤੇ ਮਾਨਸਿਕ ਸੰਤਾਪ ਸਹਿਣਾ ਪਿਆ। ਇਸ ਸਮੇਂ ਦੀ ਵੀ ਦਫਤਰੀ ਛੁੱਟੀ ਪ੍ਰਵਾਨ ਕਰਵਾਈ ਹੈ। ਪਰ ਮੀਡੀਏ ਚ ਅਕਾਰਨ ਬਦਨਾਮੀ ਕੀਤੀ/ਕਰਵਾਈ ਜਾ ਰਹੀ ਹੈ। ਹੁਣ ਤਾਂ ਮੁਆਫ਼ ਕਰ ਦਿਓ, ਬਹੁਤ ਸੰਤਾਪ ਭੋਗ ਰਿਹਾ ਹਾਂ।
ਤੀਸਰਾ ਮੁੱਦਾ ਹੈ ਕੰਵਲਜੀਤ ਸਿੰਘ ਸਾਬਕਾ ਸੁਪਰਵਾਈਜ਼ਰ ਦਾ ਦਫਤਰੀ ਨੋਟ 20/02/20 ਜਿਸ ਵਿੱਚ ਉਸਨੇ 80 ਪਾਵਨ ਸਰੂਪ ਜਮਾਂ/ ਖਰਚ ਕਰਨ ਦੀ ਆਗਿਆ ਮੰਗੀ। ਮੇਰੀ ਮੰਦ-ਭਾਵਨਾ ਜਾਂ ਦੋਸ਼ ਤਾਂ ਸਮਝਿਆ ਜਾਂਦਾ ਜੇ ਮੈਂ ਉਸ ਦਫਤਰੀ ਨੋਟ ਉਪਰ ਆਗਿਆ ਕੀਤੀ ਹੁੰਦੀ ,ਪਰ ਮੈਂ ਤਾਂ ਉਸ ਨੋਟ ਤੇ ਸਬੰਧਤ ਮੀਤ ਸਕੱਤਰ ਤੋਂ ਰੀਪੋਰਟ ਲਿਖਤੀ ਰੂਪ ਚ ਮੰਗੀ । ਉਸ ਰੀਪੋਰਟ ਦੇ ਆਧਾਰ ਤੇ ਹੀ ਦਫਤਰੀ ਫਲਾਇੰਗ ਵਿਭਾਗ ਦੀ ਪੜਤਾਲ ਸ਼ੁਰੂ ਹੋਈ ਜਿਸ ਵਿੱਚ ਪਾਵਨ ਸਰੂਪਾਂ ਦੇ ਘਟਣ ਦਾ ਪਤਾ ਲੱਗਾ। ਸਮੁੱਚੀ ਦਫਤਰੀ ਫਾਈਲ ਵਿੱਚੋ ਕੇਵਲ ਇਕ ਦਸਤਾਵੇਜ਼ ਸੋਸ਼ਲ ਮੀਡੀਏ ਤੇ ਪਾ ਕੇ ਮੈਨੂੰ ਦੋਸ਼ੀ ਦਸਿਆ ਜਾ ਰਿਹਾ ਹੈ? ਅਫਸੋਸ ਅਤੇ ਦੁਖਦਾਈ ਪੱਖ ਤਾਂ ਇਹ ਹੈ ਕਿ ਉਕਤ ਦਫਤਰੀ ਨੋਟ ਰਾਹੀਂ ਹੋਈ ਦਫਤਰੀ ਪੜਤਾਲ ਮੈਨੂੰ ਦਿਖਾਈ ਹੀ ਨਹੀਂ ਗਈ।ਸਰਦਾਰ ਕੰਵਲਜੀਤ ਸਿੰਘ ਸਾਬਕਾ ਸੁਪਰਵਾਈਜ਼ਰ ਵਲੋਂ 2018 ਚ ਘਟਦੇ ਪਾਵਨ ਸਰੂਪਾਂ ਦੀ ਮਾਇਆ ਜਮਾਂ ਕਰਵਾਉਣ ਉਪਰੰਤ ਵੀ ਮੈਂ ਸਮੁਚੇ ਮਾਮਲੇ ਦੀ ਮੁਕੰਮਲ ਪੜਤਾਲ ਕਰਾਉਣ ਲਈ ਲਿਖਿਆ ਸੀ ਪਰ ਉਸ ਪੜਤਾਲ ਦੀ ਕਾਰਵਾਈ ਵੀ ਮੇਰੇ ਤਕ ਨਹੀਂ ਪਹੁੰਚਣ ਨਹੀਂ ਦਿੱਤੀ।
ਸ੍ਰੋਮਣੀ ਕਮੇਟੀ ਚ ਕਿਸੇ ਵੀ ਵਿਭਾਗ ਦਾ ਕਾਰਜ ਹੋਵੇ, ਹਿਸਾਬ-ਕਿਤਾਬ ਲੇਖਾ-ਸ਼ਾਖਾ ਅਤੇ ਸੀ ਏ / ਆਡਿਟ ਵਿਭਾਗ ਰਾਹੀਂ ਹੀ ਦੇਖਿਆ ਜਾਂਦਾ ਹੈ।
ਮੈ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਹਿਸਾਬ ਕਿਤਾਬ ਅਤੇ ਜੋੜ ਆਦਿ ਵੀ ਮੈਂ ਹੀ ਚੈਕ ਕਰਨ ਲਈ ਦੋਸ਼ੀ ਹਾਂ ਤਾਂ ਫੇਰ ਅਕਾਊਂਟਸ ਅਤੇ ਆਡਿਟ ਵਿਭਾਗ ਨੂੰ ਕਰੋੜਾਂ ਰੁਪਏ ਦੇਣ ਦਾ ਕੀ ਫਾਇਦਾ?
ਅਜੇ ਜਦੋਂ ਤਕ ਪੜਤਾਲੀਆ ਰਿਪੋਰਟ ਸਾਹਮਣੇ ਹੀ ਨਹੀਂ ਆਈ ਤਾਂ ਕੁਝ ਕਰਮਚਾਰੀਆਂ/ ਅਧਿਕਾਰੀਆਂ/ ਸਕਤਰਾਂ ਦੇ ਨਾਮ ਕਿਵੇਂ ਜਨਤਕ ਹੋਏ ?
ਦੋਸ਼ ਪੱਤਰ ਦੀ ਉਡੀਕ ਵਿਚ ਹਾਂ, ਮਿਲਣ ਤੇ ਸੰਗਤਾਂ ਦੇ ਸਨਮੁੱਖ ਹੋਵਾਂਗਾ।”