ਵਾਸ਼ਿੰਗਟਨ : ਉੱਘੇ ਭਾਰਤੀ-ਅਮਰੀਕੀ ਵਿਗਿਆਨੀ ਡਾ. ਪਰਾਗ ਚਿਟਨੀਸ ਨੂੰ ਅਮਰੀਕਾ ਦੀ ਉੱਚਕੋਟੀ ਦੀ ਖੇਤੀ ਖੋਜ ਸੰਸਥਾ ਨੈਸ਼ਨਲ ਇੰਸਟੀਚਿਉਟ ਆਫ਼ ਫੂਡ ਐਂਡ ਐਗਰੀਕਲਚਰ (ਐਨਆਈਐਫਏ) ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਅਮਰੀਕਾ ‘ਚ ਫੈਡਰਲ ਤੌਰ ‘ਤੇ ਫੰਡ ਪ੍ਰਾਪਤ ਸਾਰੀਆਂ ਖੇਤੀਬਾੜੀ ਖੋਜਾਂ ਐਨਆਈਐੇੱਫਏ ਦੀ ਨਿਗਰਾਨੀ ਹੇਠ ਹੁੰਦੀਆਂ ਹਨ।
ਦੱਸ ਦਈਏ ਕਿ ਡਾ. ਚਿਟਨੀਸ ਨੂੰ ਇਸ ਸਾਲ ਦੇ ਸ਼ੁਰੂ ਵਿਚ ‘ਪ੍ਰੋਗਰਾਮਾਂ’ ਦਾ ਸਹਾਇਕ ਨਿਰਦੇਸ਼ਕ ਬਣਾਇਆ ਗਿਆ ਸੀ। ਉਨ੍ਹਾਂ ਨੇ ਐਨਆਈਐਫਏ ਦੇ ਲਗਭਗ 1.7 ਅਰਬ ਡਾਲਰ ਦੇ ਖੋਜ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਅਗਵਾਈ ਕੀਤੀ। ਐਨਆਈਐਫਏ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਚਿਟਨੀਸ ਦੇ ਨਾਮ ਦਾ ਐਲਾਨ ਕਰਦਿਆਂ ਅਮਰੀਕਾ ਦੇ ਖੇਤੀਬਾੜੀ ਮੰਤਰੀ ਸੋਨੀ ਪੇਰਡਿਊ ਨੇ ਕਿਹਾ ਕਿ ਡਾ. ਚਿਟਨੀਸ ਦੇ 31 ਸਾਲਾਂ ਤੋਂ ਵੱਧ ਵਿਗਿਆਨਕ ਖੋਜ ਅਤੇ ਤਜ਼ਰਬੇ ਤੋਂ ਇਸ ਸੰਸਥਾ ਨੂੰ ਕਾਫੀ ਲਾਭ ਹੋਵੇਗਾ।
ਡਾ. ਚਿਟਨੀਸ ਡਾ. ਸਕੌਟ ਐਂਜਲ ਦੀ ਜਗ੍ਹਾ ਲੈਣਗੇ। ਡਾ. ਚਿਟਨੀਸ ਨੇ ਮਹਾਰਾਸ਼ਟਰ ਦੀ ਕੋਂਕਣ ਖੇਤੀਬਾੜੀ ਯੂਨੀਵਰਸਿਟੀ ਤੋਂ ਬਨਸਪਤੀ ਵਿਗਿਆਨ ‘ਚ ਬੀਐਸਸੀ ਕੀਤੀ ਹੈ। ਉਨ੍ਹਾਂ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਤੋਂ ਜੈਨੇਟਿਕ ਸਾਇੰਸ/ਜੀਵ ਰਸਾਇਣ ‘ਚ ਐਮਐਸਸੀ ਅਤੇ ਲਾਸ ਏਂਜਲਸ ਦੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਜੀਵ-ਵਿਗਿਆਨ ਵਿਚ ਪੀ.ਐਚ.ਡੀ. ਕੀਤੀ ਹੈ।