ਮਨਮੋਹਨ ਸਿੰਘ ਦੇ ’84 ਕਤਲੇਆਮ ਬਾਰੇ ਵੱਡੇ ਖੁਲਾਸੇ ! ਕਿਸ ਦੇ ਇਸ਼ਾਰੇ ਤੇ ਹਿੰਸਕ ਭੀੜਾਂ ਨੇ ਲਾਏ ਲਾਂਬੂ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਕਤਲੇਆਮ ਬਾਰੇ ਵੱਡਾ ਖੁਲਾਸਾ ਕਰਕੇ ਗਾਂਧੀ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਦਿੱਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਵਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਜੇਕਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਿਗੜੀ ਹੋਈ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਗੁਜਰਾਲ ਦੀ ਸਲਾਹ ਮੰਨ ਕੇ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਉ ਨੇ  ਫੌਜ ਬੁਲਾਈ ਹੁੰਦੀ ਤਾਂ ਸਿੱਖਾਂ ਦੇ ਕਤਲੇਆਮ ਤੋਂ ਬਚਾਅ ਹੋ ਜਾਣਾ ਸੀ। ਬੇਸ਼ੱਕ ਡਾ. ਮਨਮੋਹਨ ਸਿੰਘ ਨੇ ਇਹ ਟਿੱਪਣੀ ਬਹੁਤ ਦੇਰ ਨਾਲ ਕੀਤੀ ਹੈ ਪਰ ਰਾਜਸੀ ਹਲਕਿਆਂ ਅੰਦਰ ਇਸ ਦੀ ਵੱਡੀ ਅਹਿਮੀਅਤ ਹੈ। ਬੇਸ਼ੱਕ ਇਹ ਸਵਾਲ ਪਹਿਲਾਂ ਵੀ ਉਠਦਾ ਰਿਹਾ ਹੈ ਕਿ  ਜੇਕਰ ਇੰਦਰਾ ਗਾਂਧੀ ਦੇ  ਕਤਲ ਬਾਅਦ ਉਸ ਵੇਲੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਉ ਫੌਜ ਬੁਲਾ ਲੈਂਦੇ ਤਾਂ ਫੌਜ ਨੇ ਸਿੱਖਾਂ ਦਾ ਕਤਲੇਆਮ ਨਹੀਂ ਹੋਣ ਦੇਣਾ ਸੀ। ਨਰਸਿਮ੍ਹਾ ਰਾਉ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਕਿਉਂ ਨਹੀਂ ਮੰਨੀ। ਰਾਜਸੀ ਹਲਕਿਆਂ ਵਿੱਚ ਇਹ ਬਹਿਸ ਹੁੰਦੀ ਰਹੀ ਹੈ ਕਿ ਗਾਂਧੀ ਪਰਿਵਾਰ ਦੀ ਝੋਲੀ ਚੁੱਕੀ ਕਰਨ ਲਈ ਰਾਉ ਨੇ ਹਿੰਸਕ ਭੀੜਾਂ ਨੂੰ ਸਿੱਖਾਂ ‘ਤੇ ਹਮਲਿਆਂ ਲਈ ਖੁੱਲ੍ਹਾ ਛੱਡ ਦਿੱਤਾ। ਦਿੱਲੀ ਅਤੇ ਦੇਸ਼ ਦੇ ਹੋਰਾਂ ਹਿੱਸਿਆਂ ਵਿੱਚ ਸਥਿਤੀ ਇਹ ਬਣ ਗਈ ਕਿ  ਪੁਲਿਸ ਹਿੰਸਕ ਭੀੜਾਂ ਵੱਲੋਂ ਸਿੱਖਾਂ ‘ਤੇ ਕੀਤੇ ਜਾ ਰਹੇ ਹਮਲਿਆਂ ਨੂੰ ਮੂਕ ਦਰਸ਼ਕ ਬਣਕੇ ਵੇਖਦੀ ਰਹੀ। ਕਈ ਥਾਂ ਤਾਂ ਗੱਡੀਆਂ ਵਿੱਚੋਂ ਕੱਢ ਕੇ ਸਿੱਖ ਫੌਜੀਆਂ ਨੂੰ ਵੀ ਕਤਲ ਕੀਤਾ ਗਿਆ। ਉਸ ਸਥਿਤੀ ਵਿੱਚ ਰਾਜੀਵ ਗਾਂਧੀ ਵੱਲੋਂ ਕਤਲੇਆਮ ਸਮੇਂ ਕੀਤੀ ਟਿੱਪਣੀ ਕਦੇ ਨਹੀਂ ਭੁੱਲ ਸਕਦੀ। ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੀ ਹੈ।

ਡਾ. ਮਨਮੋਹਨ ਸਿੰਘ ਤੋਂ ਪਹਿਲਾਂ ਕਿਸੇ ਵੀ ਕਾਂਗਰਸੀ ਨੇਤਾ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ ਸੀ ਕਿ ਸਿੱਖਾਂ ਦੇ ਕਤਲੇਆਮ ਲਈ ਜਾਣ ਬੁੱਝ ਕੇ ਹਿੰਸਕ ਭੀੜਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ। ਬੇਸ਼ੱਕ ਕਾਂਗਰਸੀ 1984 ਦੇ ਕਤਲੇਆਮ ਦੀ ਨਿੰਦਾ  ਕਰਦੇ ਹਨ ਪਰ ਕਦੇ ਕਿਸੇ ਨੇ ਇਹ ਪ੍ਰਵਾਨ ਨਹੀਂ ਕੀਤਾ ਕਿ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਜੇਕਰ ਹਰਕਤ ਵਿੱਚ ਆਉਂਦੀ ਤਾਂ ਹਜ਼ਾਰਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਅਤੇ ਜਾਇਦਾਦਾਂ ਦਾ ਬਚਾਅ ਹੋ ਜਾਂਦਾ। ਇਸ ਕਾਰੇ ਨਾਲ ਮਾਨਵਤਾ ਦੇ ਮੱਥੇ ‘ਤੇ ਲੱਗੇ ਕਲੰਕ ਨੂੰ ਕਦੇ ਨਹੀਂ ਧੋਇਆ ਜਾ ਸਕਦਾ। ਰਾਜਸੀ ਹਲਕਿਆਂ ਵਿੱਚ ਇਹ  ਵੀ ਕਿਹਾ ਜਾ ਰਿਹਾ ਹੈ ਕਿ ਡਾ. ਮਨਮੋਹਨ ਸਿੰਘ ਬੇਸ਼ੱਕ ਸਾਬਕਾ ਗ੍ਰਹਿ ਮੰਤਰੀ ਰਾਉ ਦੇ ਨਾਂ ਤੋਂ ਅੱਗੇ ਨਹੀਂ ਆਏ ਪਰ ਇਹ ਸਭ ਨੂੰ ਪਤਾ ਹੈ ਕਿ ਰਾਉ ਗਾਂਧੀ ਪਰਿਵਾਰ ਦਾ ਹੁਕਮ ਪਾਲਨਾਂ ਵਾਲਾ ਨੇਤਾ ਹੀ ਸੀ ਅਤੇ ਉਸ ਨੇ ਉਹ ਕੀਤਾ  ਜੋ ਗਾਂਧੀ ਪਰਿਵਾਰ ਚਾਹੁੰਦਾ ਸੀ। ਇਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਕੀਤੇ ਖੁਲਾਸੇ ਬਾਅਦ ਪਹਿਲੀ ਵਾਰ ਕਾਂਗਰਸ ਅੰਦਰ ਕਿਸੇ ਵੱਡੇ ਨੇਤਾ ਅਤੇ ਉਹ ਵੀ ਸਾਬਕਾ ਪ੍ਰਧਾਨ ਮੰਤਰੀ ਨੇ ਇੰਕਸਾਫ ਕੀਤਾ ਹੈ ਕਿ ਸਿੱਖਾਂ ਦਾ ਕਤਲੇਆਮ ਕਿਉਂ ਹੋਇਆ। ਹਾਲਾਂ ਕਿ ਇਹ ਸਵਾਲ ਵੀ ਉਠਦੇ ਹਨ ਕਿ ਡਾ. ਮਨਮੋਹਨ ਸਿੰਘ ਇੰਨਾ ਸਮਾਂ ਇਸ ਜਾਣਕਾਰੀ ਬਾਰੇ ਚੁੱਪ ਕਿਉਂ ਰਹੇ? ਜੇਕਰ ਦੇਸ਼ ਦੀਆਂ ਰਾਜਸੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਸਭ ਤੋਂ ਸ਼ਕਤੀਸਾਲੀ ਧਿਰ ਹੈ। ਭਾਜਪਾ ਨੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੇਸ ਨਵੇਂ ਸਿਰੇ ਤੋਂ ਖੋਲ੍ਹਣ ਦੀ ਦਾਅਵੇਦਾਰੀ ਤਾਂ ਕੀਤੀ ਹੈ ਪਰ ਭਾਜਪਾ ਸਾਬਕਾ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਉ ਬਾਰੇ  ਚੁੱਪ ਕਿਉਂ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਰਾਉ ਹੀ ਸਨ ਜਦੋਂ ਬਾਬਰੀ ਮਸਜਿਦ ਨੂੰ ਭਾਜਪਾ ਅਤੇ ਉਸ ਦੀਆਂ ਹਮਾਇਤੀ ਜਥੇਬੰਦੀਆਂ ਨੇ ਤੋੜਿਆ ਸੀ। ਇਸ ਤਰ੍ਹਾਂ ਦੇਸ਼ ਦੀਆਂ ਘਟ ਗਿਣਤੀਆਂ ਬਾਰੇ ਜਿੱਥੇ ਕਾਂਗਰਸ ਦੇ ਆਗੂਆਂ ਦੀ ਸੋਰ ਨੰਗੀ ਹੋਈ ਉੱਥੇ ਭਾਜਪਾ ਦਾ ਪਤਾ ਲਗਦਾ ਹੈ ਕਿ ਨਰਸਿਮ੍ਹਾ ਰਾਉ ਨਾਲ ਭਾਜਪਾ ਦੇ ਕਿਹੋ ਜਿਹੇ ਸਬੰਧ ਸਨ। ਇਸ ਸਾਰੇ-ਕਾਸੇ ‘ਤੇ  ਨਜ਼ਰ ਮਾਰੋ ਤਾਂ ਇਹ ਵੀ ਪਤਾ ਲਗਦਾ ਹੈ ਕਿ ਸਿੱਖਾਂ ਦੀ ਅਗਵਾਈ ਦਾ ਦਾਅਵਾ ਕਰਨ ਵਾਲੀ ਅਕਾਲੀ ਲੀਡਰਸ਼ਿੱਪ ਇਨ੍ਹਾਂ ਨਾਜ਼ੁਕ ਮਾਮਲਿਆਂ ਨੂੰ ਸੱਤਾ ਹਾਸਲ ਕਰਨ ਲਈ ਹੀ ਇਸਤੇਮਾਲ ਕਰਦੀ ਰਹੀ। ਦਿੱਲੀ ਵਿੱਚ ਜਿਹੜੇ ਅਕਾਲੀ ਨੇਤਾ ਕਿਸੇ ਸਾਬਕਾ ਹੁਕਮਰਾਨ ਦੇ ਨਾਂ ਦੇ ਪੱਥਰ ‘ਤੇ ਕਾਲਖ ਪੋਚ ਕੇ ਮੀਡੀਆ ਵਿੱਚ ਤਸਵੀਰਾਂ ਖਿਚਵਾਉਂਦੇ ਹਨ ਉਨ੍ਹਾਂ ਨੇ ਘੱਟ ਗਿਣਤੀਆਂ ਪ੍ਰਤੀ ਭਾਜਪਾ ਦੀ ਪਹੁੰਚ ਬਾਰੇ ਕਦੇ ਕਿਉਂ ਨਹੀਂ ਪੁੱਛਿਆ? ਕੁਝ ਦਿਨ ਪਹਿਲਾ ਹੀ ਸੰਵਿਧਾਨ ਦਿਵਸ ਮਨਾਇਆ ਹੈ ਜਿਹੜਾ ਸਾਰੀਆਂ ਧਿਰਾਂ ਨੂੰ ਸਤਿਕਾਰ ਨਾਲ ਜਿਉਣ ਦਾ  ਹੱਕ    ਦਿੰਦਾ ਹੈ। ਪਰ ਉਸ ਸੰਵਿਧਾਨ ਨੂੰ ਦੀ ਸਹੁੰ ਖਾ ਕੇ ਬਣੇ ਪ੍ਰਧਾਨ ਮੰਤਰੀ ਸੰਵਿਧਾਨ ਨੂੰ ਅਮਲੀ ਜਾਮਾ ਕਿਉਂ ਨਹੀਂ ਪਾਉਂਦੇ ਅਤੇ ਮੋਮ ਦੇ ਨੱਕ ਦੀ ਤਰ੍ਹਾਂ ਸੰਵਿਧਾਨ ਨੂੰ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਮਰੋੜਦੇ ਰਹਿੰਦੇ ਹਨ।

- Advertisement -

Share this Article
Leave a comment