ਡਾ. ਕੁਲਦੀਪ ਸਿੰਘ ਨੇ ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਡਾ. ਕੁਲਦੀਪ ਸਿੰਘ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ । ਡਾ. ਕੁਲਦੀਪ ਸਿੰਘ ਨੂਰਮਹਿਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਉਪ ਨਿਰਦੇਸ਼ਕ (ਸਿਖਲਾਈ) ਵਜੋਂ ਕਾਰਜ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵਿਖੇ ਵੀ ਉਪ ਨਿਰਦੇਸ਼ਕ ਵਜੋਂ ਤਾਇਨਾਤ ਰਹੇ ਹਨ । ਪਸਾਰ ਸਿੱਖਿਆ ਵਿਸ਼ੇਸ਼ ਕਰਕੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਉਹਨਾਂ ਕੋਲ 25 ਸਾਲ ਦਾ ਲੰਮਾ ਤਜਰਬਾ ਹੈ ।

ਉਹਨਾਂ ਨੇ ਖੇਤੀ ਨਾਲ ਸੰਬੰਧਿਤ ਮੁੱਦਿਆਂ ਜਿਵੇਂ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ, ਪਰਾਲੀ ਦੀ ਸਾਂਭ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਲੰਮਾਂ ਸਮਾਂ ਪਸਾਰ ਸੇਵਾਵਾਂ ਦਿੱਤੀਆਂ ਹਨ। ਉਹਨਾਂ ਦੀ ਨਿਗਰਾਨੀ ਹੇਠ ਸਿਖਲਾਈ ਕੋਰਸ, ਖੇਤ ਦਿਵਸ, ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਨਾਲ ਕਿਸਾਨਾਂ ਵਿੱਚ ਖੇਤੀ ਸੰਬੰਧੀ ਜਾਗਰੂਕਤਾ ਦਾ ਪਸਾਰ ਕੀਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਵਿਖੇ ਡਾ. ਕੁਲਦੀਪ ਸਿੰਘ ਦੀ ਪਹਿਲਕਦਮੀ ਨਾਲ ਤਕਨਾਲੋਜੀ ਪਾਰਕ, ਸੰਯੁਕਤ ਖੇਤੀ ਪ੍ਰਬੰਧ ਮਾਡਲ, ਡੈਮੋਨਸਟਰੇਸ਼ਨ ਇਕਾਈ, ਕਰੋਪ ਕੈਫੈਟੇਰੀਆ, ਉਤਪਾਦ ਵਿਕਰੀ ਕੇਂਦਰ ਅਤੇ ਤਕਨਾਲੋਜੀ ਹੱਟ ਵਰਗੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਨਵੀਆਂ ਤਕਨਾਲੋਜੀਆਂ ਨਾਲ ਜੋੜਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਇਸ ਤੋਂ ਇਲਾਵਾ ਦੂਰਦਰਸ਼ਨ ਅਤੇ ਅਕਾਸ਼ਬਾਣੀ ਵਰਗੇ ਮਾਧਿਅਮਾਂ ਰਾਹੀਂ ਵੀ ਡਾ. ਕੁਲਦੀਪ ਸਿੰਘ ਆਪਣੇ ਪਸਾਰ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝਾ ਕਰਦੇ ਰਹੇ ਹਨ। ਵਿਸ਼ੇਸ਼ ਤੌਰ ਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਪੀ.ਏ.ਯੂ. ਦੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਡਾ. ਕੁਲਦੀਪ ਸਿੰਘ ਨੇ ਉਦਮ ਕੀਤਾ ਹੈ ।

ਉਹਨਾਂ ਨੇ ਸੰਸਥਾਂ ਵੱਲੋਂ ਅਪਨਾਏ 12 ਪਿੰਡਾਂ ਵਿੱਚ ਖੇਤੀ ਜਾਗਰੂਕਤਾ ਦਾ ਪਸਾਰ ਕੀਤਾ ਅਤੇ 5 ਪਿੰਡਾਂ ਨੂੰ ਪੋਸ਼ਣ ਸੰਬੰਧੀ ਜਾਗਰੂਕ ਪਿੰਡ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ। 2015 ਵਿੱਚ ਉਹਨਾਂ ਨੂੰ ਡਾ. ਸਤਵੰਤ ਕੌਰ ਯਾਦਗਾਰੀ ਸਰਵੋਤਮ ਪਸਾਰ ਵਰਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2016-17 ਵਿੱਚ ਡਾ. ਕੁਲਦੀਪ ਸਿੰਘ ਕਿਸਾਨਾਂ ਲਈ ਤਕਨਾਲੋਜੀਆਂ ਦੇ ਰੂਪਾਂਤਰਣ ਸੰਬੰਧੀ ਡਾ. ਜੀ ਐਸ ਖੁਸ਼ ਟੀਮ ਐਵਾਰਡ ਨਾਲ ਨਿਵਾਜ਼ੇ ਗਏ ਸਨ। ਇਸ ਤੋਂ ਇਲਾਵਾ 2019 ਵਿੱਚ ਨਾਨਾ ਜੀ ਦੇਸ਼ਮੁੱਖ ਆਈ ਸੀ ਏ ਆਰ ਐਵਾਰਡ ਜਿੱਤਣ ਵਾਲੀ ਅੰਤਰ ਅਨੁਸਾਸ਼ਨੀ ਖੋਜ ਟੀਮ ਦਾ ਵੀ ਉਹ ਹਿੱਸਾ ਰਹੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਇਹਨਾਂ ਕਾਰਜਾਂ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਡਾ. ਕੁਲਦੀਪ ਸਿੰਘ ਨੇ 76 ਖੋਜ ਪੇਪਰ, ਐਬਸਟਰੈਕਟ ਅਤੇ ਮਕਬੂਲ ਲੇਖ ਰਾਸ਼ਟਰੀ ਅੰਤਰਰਾਸ਼ਟਰੀ ਪੱਤਰਕਾਵਾਂ ਅਤੇ ਕਾਨਫਰੰਸਾਂ ਲਈ ਲਿਖੇ। ਪੋਸਟ ਗ੍ਰੈਜੂਏਸ਼ਨ ਦੇ ਤਿੰਨ ਵਿਦਿਆਰਥੀਆਂ ਨੇ ਉਹਨਾਂ ਦੀ ਨਿਗਰਾਨੀ ਹੇਠ ਆਪਣਾ ਅਕਾਦਿਮਕ ਕਾਰਜ ਕੀਤਾ।

Share this Article
Leave a comment