ਬਠਿੰਡਾ: ਡਬਵਾਲੀ ਰੋਡ ‘ਤੇ ਬਣ ਰਹੇ ਏਮਸ ਵਿੱਚ ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਓਪੀਡੀ ਦਾ ਉਦਘਾਟਨ ਕੀਤਾ। ਏਮਸ ਵਿੱਚ ਪਹਿਲਾਂ 12 ਓਪੀਡੀ ਸ਼ੁਰੂ ਕੀਤੀ ਜਾਣੀਆਂ ਸਨ ਪਰ ਸੋਮਵਾਰ ਨੂੰ 9 ਓਪੀਡੀ ਦੀ ਸ਼ੁਰੂਆਤ ਕੀਤੀ ਗਈ। ਸ਼ੁਰੂਆਤ ਵਿੱਚ ਇਸ ਹਸਪਤਾਲ ਵਿੱਚ 12 ਡਾਕਟਰ ਆਪਣੀ ਸੇਵਾਵਾਂ ਦੇਣਗੇ ।
ਓਪੀਡੀ ਦਾ ਉਦਘਾਟਨ ਕਰਣ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਐਲਾਨ ਕੀਤਾ ਕਿ ਫਿਰੋਜ਼ਪੁਰ ਵਿੱਚ ਪੀਜੀਆਈ ਬਣਾਇਆ ਜਾਵੇਗਾ । ਇਸ ਦੇ ਲਈ ਰਾਜ ਸਰਕਾਰ ਵਲੋਂ ਜ਼ਮੀਨ ਵੀ ਲੈ ਲਈ ਗਈ ਹੈ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਬਣਾਏ ਜਾਣ ਵਾਲੇ ਪੀਜੀਆਈ ‘ਤੇ ਸਾਢੇ ਚਾਰ ਸੌ ਕਰੋਡ਼ ਖਰਚ ਕੀਤਾ ਜਾਵੇਗਾ । ਉਨ੍ਹਾਂਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਤਹਿਤ ਭਾਰਤ ਦੇ ਕੋਲ ਪੋਲੀਓ ਦੀ ਤਰ੍ਹਾਂ ਹਰ ਵੱਡੇ ਰੋਗ ਨਾਲ ਲੜਨ ਦੀ ਯੋਗਤਾ ਹੈ ।
ਬਠਿੰਡਾ ਏਮਸ ਵਾਰੇ ਡਾ. ਹਰਸ਼ਵਰਧਨ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਅਪ੍ਰੈਲ 2020 ਤੱਕ ਪੂਰਾ ਬਣ ਕੇ ਤਿਆਰ ਹੋ ਜਾਵੇਗਾ। ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਤੇਜੀ ਦੇ ਨਾਲ ਕੰਮ ਕਰਵਾਉਣ ਦਾ ਪੂਰਾ ਕਰੈਡਿਟ ਹਰਸਿਮਰਤ ਕੌਰ ਬਾਦਲ ਨੂੰ ਜਾਂਦਾ ਹੈ , ਜੋ ਹਰ ਬੈਠਕ ਵਿੱਚ ਏਮਸ ਦੇ ਵਾਰੇ ਉਨ੍ਹਾਂ ਨਾਲ ਗੱਲਬਾਤ ਕਰਦੀ ਸੀ ਅਤੇ ਕੰਮ ਨੂੰ ਤੇਜ਼ੀ ਦੇ ਨਾਲ ਪੂਰਾ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਵਾਂਉਂਦੀ ਹਨ।
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਏਮਸ ਨੇ ਅਡਵਾਂਸਡ ਸੁਪਰ ਸਪੈਸ਼ਲਿਟੀ ਸਿਹਤ ਸੰਭਾਲ਼ ਦੀ ਸਹੂਲਤ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਮਾਲਵਾ ਖੇਤਰ ਵਿੱਚ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਾਰਾ ਇੰਸਟੀਟਿਊਟ ਅਗਲੇ ਸਾਲ ਅਗਸਤ ਮਹੀਨੇ ਤੱਕ ਸ਼ੁਰੂ ਹੋ ਜਾਵੇਗਾ। ਹਰਸਿਮਰਤ ਬਾਦਲ ਨੇ ਕਿਹਾ ਕਿ ਮੈਡੀਕਲ ਕਾਲਜ ਜਿਸ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਨੂੰ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ “ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ” ਦੇ ਮੰਤਰ ਨੂੰ ਅਪਣਾਉਣ।