ਡਾ ਦੀਵਾਨ ਸਿੰਘ ਕਾਲੇਪਾਣੀ – ਕਾਲੇਪਾਣੀ ਦੀ ਸ਼ਜਾ ਕੱਟ ਰਹੇ ਗਦਰੀਆਂ ਦੇ ਮਰੀਜਾਂ ਦੀ ਸੇਵਾ ਕਰਨ ਵਾਲੀ ਸਖਸ਼ੀਅਤ

TeamGlobalPunjab
3 Min Read

-ਅਵਤਾਰ ਸਿੰਘ

ਡਾ ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 1897 ਨੂੰ ਇਕ ਸਾਧਾਰਨ ਪਰਿਵਾਰ ਦੇ ਜ਼ਿਮੀਦਾਰ ਸੁੰਦਰ ਸਿੰਘ ਦੇ ਘਰ ਪਿੰਡ ਗਲੋਟੀਆ, ਜਿਲਾ ਗੁਜਰਾਂਵਾਲਾ ਵਿਖੇ ਹੋਇਆ।

ਛੋਟੀ ਉਮਰ ਵਿੱਚ ਹੀ ਮਾਪਿਆਂ ਦਾ ਸਾਇਆ ਉੱਠਣ ਕਾਰਨ ਉਨ੍ਹਾਂ ਦੇ ਚਾਚੇ ਸੋਹਣ ਸਿੰਘ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ। ਉਹ ਬਹੁਤ ਮਿੱਠੇ ਤੇ ਮਿਲਾਪੜੇ ਸੁਭਾਅ ਦੇ ਨੇਕ ਦਿਲ ਇਨਸਾਨ, ਪਰਉਪਕਾਰੀ ਡਾਕਟਰ, ਭਾਰਤ ਦੀ ਆਜ਼ਾਦੀ ਦੇ ਸ਼ੰਘਰਸ ਦੇ ਅਣਖੀ ਤੇ ਨਿਡਰ ਯੋਧੇ, ਕਾਲੇਪਾਣੀ ਦੇ ਸ਼ਹੀਦਾਂ ਦੇ ਸਿਰਤਾਜ ਤੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਸਨ।

ਮੁੱਢਲੀ ਪੜ੍ਹਾਈ ਤੇ ਡਾਕਟਰੀ ਕਰਨ ਤੋਂ ਬਾਅਦ ਫੌਜ ਵਿੱਚ ਡਾਕਟਰ ਭਰਤੀ ਹੋ ਗਏ। ਉਹ ਰਾਵਲਪਿੰਡੀ, ਲਾਹੌਰ, ਡਿਗਸਈ, ਰੰਗੂਨ ਤੇ ਪੋਰਟ ਬਲੇਅਰ ਸਮੇਤ ਜਿਥੇ ਵੀ ਰਹੇ ਡਿਊਟੀ ਤੋਂ ਬਿਨਾਂ ਲੋੜਵੰਦ ਰੋਗੀਆਂ ਦੀ ਮਦਦ ਕਰਨ ਕਰਕੇ ਹਰਮਨਪਿਆਰੇ ਰਹੇ।

- Advertisement -

ਉਹ ਕਥਾ, ਕੀਰਤਨ ਤੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਗੁਲਾਮੀ ਤੋਂ ਨਫ਼ਰਤ, ਆਜ਼ਾਦੀ ਨਾਲ ਮੋਹ ਤੇ ਆਪਣੇ ਸੱਭਿਆਚਾਰ ਦੀ ਚੇਤਨਾ ਦੀ ਜਾਗ ਲਾਉਂਦੇ ਰਹੇ। ਉਨ੍ਹਾਂ ਆਪਣੀ ਕਵਿਤਾ ਤੇ ਵਾਰਤਕ ਰਾਂਹੀ ਰੰਗ, ਨਸਲ, ਜਾਤਪਾਤ ਤੇ ਛੂਆ ਛਾਤ ਦੇ ਵਿਤਕਰਿਆਂ ਦੀ ਨਿਖੇਧੀ ਕਰਕੇ ਧਰਮ ਨਿਰਪੱਖ ਇਨਸਾਨੀਅਤ ਤੇ ਜੋਰ ਦਿੱਤਾ।

ਉਨ੍ਹਾਂ ਦੀ ਪਲੇਠੀ ਪੁਸਤਕ ‘ਵਗਦੇ ਪਾਣੀ’ ਉਨ੍ਹਾਂ ਦੇ ਜੀਵਨ ਕਾਲ ਵਿੱਚ ਛਪੀ। ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਬਾਅਦ ਉਨ੍ਹਾਂ ਦੀਆਂ ਪੁਸਤਕਾਂ ‘ਅੰਤਿਮ ਲਹਿਰਾਂ’, ‘ਮਲ੍ਹਿਆਂ ਦੇ ਬੇਰ’ (ਦੋਵੇਂ ਕਾਵਿ ਸੰਗ੍ਰਿਹ), ਸਹਿਜ ਸੰਚਾਰ (ਵਾਰਤਕ ਪੁਸਤਕ) ਤੇ ‘ਮੇਰਾ ਜੀਵਨ ਮੇਰਾ ਗੀਤ’ ਪੁਸਤਕ ਛਪੀ।

ਉਨ੍ਹਾਂ ਦੀ ਵਿਚਾਰਧਾਰਾ ਤੋਂ ਅੰਗਰੇਜ਼ ਸਰਕਾਰ ਨੇ ਔਖੇ ਹੋ ਕੇ ਰੰਗੂਨ ਬਦਲੀ ਕਰ ਦਿੱਤੀ। 1927 ਤੋਂ ਬਾਅਦ ਉਹ ਅੰਡੇਮਾਨ ਟਾਪੂ ‘ਤੇ ਚਲੇ ਗਏ, ਜਿਥੇ ਉਨ੍ਹਾਂ ਕਾਲੇਪਾਣੀ ਦੀ ਸ਼ਜਾ ਕੱਟ ਰਹੇ ਗਦਰੀਆਂ ਦੇ ਜੀਵਨ ਪੱਧਰ ਨੂੰ ਨੇੜਿਉ ਤੱਕਿਆ ਤੇ ਭਾਈ ਘਨੱਈਆ ਵਾਂਗ ਮਰੀਜ਼ਾ ਦਾ ਇਲਾਜ ਕਰਨ ਲੱਗ ਪਏ।

ਉਥੇ ਇਕ ਗੁਰਦੁਆਰਾ ਸਾਹਿਬ ਤੇ ਲਾਇਬਰੇਰੀ ਖੋਲ੍ਹੀ। ਪੰਜਾਬੀ ਬੋਲੀ ਲਈ ਸਾਹਿਤ ਸਿਰਜਣਾ ਕਰਦਿਆਂ ਜੁਲਮ ਖਿਲਾਫ ਅਵਾਜ਼ ਬੁਲੰਦ ਕੀਤੀ।

ਦੂਜੀ ਜੰਗ ਲੱਗਣ ‘ਤੇ ਜਪਾਨੀਆਂ ਨੇ ਟਾਪੂ ‘ਤੇ ਕਬਜ਼ਾ ਕਰ ਲਿਆ, ਉਨ੍ਹਾਂ ਨੇ ਵੀ ਭਾਰਤੀਆਂ ‘ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ।

- Advertisement -

ਡਾ. ਦੀਵਾਨ ਸਿੰਘ ਨੂੰ ਬਰਤਾਨਵੀ ਸਾਮਰਾਜੀਆਂ ਦਾ ਪਿੱਠੂ ਹੋਣ ਦਾ ਦੋਸ਼ ਲਾ ਕੇ ਕੈਦ ਕਰ ਲਿਆ। ਕਾਲ ਕੋਠੜੀ ਵਿੱਚ ਅਣ-ਮਨੁਖੀ ਤਸੀਹੇ ਦਿੱਤੇ, ਅੱਖਾਂ ਨੂੰ ਗਰਮ ਸਲਾਖਾਂ ਲਾਈਆਂ ਤੇ ਕੋੜੇ ਮਾਰੇ ਗਏ। ਬੇਹਦ ਤਸ਼ੱਦਦ ਕਾਰਨ ਉਹ 14 ਜਨਵਰੀ, 1944 ਨੂੰ ਅੰਡੇਮਾਨ ਜੇਲ੍ਹ ਵਿੱਚ ਸ਼ਹੀਦੀ ਪਾ ਗਏ।

ਡਾ ਸਾਹਿਬ ਦੇ ਪੁੱਤਰਾਂ ਤੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਤੋਂ ਮੁਲਾਂਪੁਰ ਸੜਕ ‘ਤੇ ਪਿੰਡ ਸੀਸਵਾਂ ਵਿਖੇ ‘ਸ਼ਹੀਦ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮਿਊਜੀਅਮ’ ਉਸਾਰਿਆ ਹੈ ਜੋ ਵੇਖਣਯੋਗ ਹੈ।

Share this Article
Leave a comment