ਲੁਧਿਆਣਾ: ਸ਼ਹਿਰ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਸਥਾਪਿਤ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਛੇੜਛਾੜ ਕਰਨ ਦੀ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦਿਨ-ਦਿਹਾੜੇ ਕੋਈ ਵਿਅਕਤੀ ਬੁੱਤ ’ਤੇ ਚੜ੍ਹ ਕੇ ਬੇਅਦਬੀ ਕਰ ਗਿਆ ਅਤੇ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ।
ਜਿਵੇਂ ਹੀ ਸਥਾਨਿਕ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਸਮੁੱਚੇ ਇਲਾਕੇ ਵਿੱਚ ਭਾਰੀ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਨਿੰਦਣਯੋਗ ਕਾਰੇ ਕਾਰਨ ਵਾਲਮੀਕਿ ਭਾਈਚਾਰੇ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਿੱਖਾ ਰੋਸ ਫੈਲ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਤੁਰੰਤ ਜਲੰਧਰ ਬਾਈਪਾਸ ਚੌਕ ਵਿਖੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਨਿਰਾਦਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦੋਂ ਤੱਕ ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਤਿੱਖਾ ਵਿਰੋਧ ਜਾਰੀ ਰਹੇਗਾ। ਧਰਨੇ ਕਾਰਨ ਚੌਕ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮਾਹੌਲ ਤਣਾਅਪੂਰਨ ਹੁੰਦਾ ਦੇਖ ਏਡੀਸੀਪੀ ਸਮੀਰ ਵਰਮਾ ਸਮੇਤ ਭਾਰੀ ਪੁਲਿਸ ਫ਼ੋਰਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦਿਆਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਹਾਲਾਂਕਿ, ਇਸ ਭਰੋਸੇ ਦੇ ਬਾਵਜੂਦ ਵਾਲਮੀਕਿ ਸਮਾਜ ਦੇ ਲੋਕ ਆਪਣੀ ਮੰਗ ‘ਤੇ ਅੜੇ ਰਹੇ ਅਤੇ ਲਗਾਤਾਰ ਪ੍ਰਦਰਸ਼ਨ ਜਾਰੀ ਰੱਖਿਆ।
ਏਡੀਸੀਪੀ-1 ਸਮੀਰ ਵਰਮਾ ਨੇ ਕਿਹਾ, “ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ। ਇੱਥੇ ਜਲੰਧਰ ਬਾਈਪਾਸ ਵਿਖੇ ਸਥਿਤ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ‘ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਜੁੱਤੀਆਂ ਦਾ ਹਾਰ ਪਾਏ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਇਸ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

