ਭਗਤ ਪੂਰਨ ਸਿੰਘ – ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਕਾਰਨ ਵਾਪਿਸ ਕਰ ਦਿੱਤਾ ਸੀ ਪਦਮਸ਼੍ਰੀ

TeamGlobalPunjab
4 Min Read

-ਅਵਤਾਰ ਸਿੰਘ;

ਜੂਨ 1984 ਦੇ ਘੱਲੂਘਾਰੇ ਦਾ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਉਸ ਕਾਲੇ ਦੌਰ ਨੂੰ ਯਾਦ ਕਰਕੇ ਹਰ ਨਾਨਕ ਨਾਮ ਲੇਵਾ ਅਤੇ ਸਿੱਖ ਭਾਈਚਾਰੇ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਦਰਬਾਰ ਸਾਹਿਬ ਉਪਰ ਕਰਵਾਏ ਗਏ ਫੌਜੀ ਹਮਲੇ ਦਾ ਦੇਸ਼ ਦੀਆਂ ਵੱਡੀਆਂ ਵੱਡੀਆਂ ਸਿੱਖ ਤੇ ਹੋਰ ਸਖਸ਼ੀਅਤਾਂ ਦੇ ਮਨਾਂ ਵਿਚ ਭਾਰੀ ਰੋਸ ਸੀ। ਇਸ ਰੋਸ ਦੇ ਕਾਰਨ ਉਨ੍ਹਾਂ ਨੇ ਸਰਕਾਰ ਵਲੋਂ ਮਿਲੇ ਸਨਮਾਨ ਵੀ ਵਾਪਿਸ ਕਰ ਦਿੱਤੇ ਸਨ। ਇਸੇ ਰੋਸ ਵਿੱਚ ਸ਼ਾਮਿਲ ਮਾਨਵਤਾ ਦੇ ਪੁਜਾਰੀ ਅਤੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲਿਆਂ ਨੇ ਵੀ ਸਰਕਾਰ ਵਲੋਂ ਮਿਲਿਆ ਪਦਮਸ਼੍ਰੀ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਪਰ ਟੈਂਕਾਂ ਨਾਲ ਹੋਏ ਹਮਲੇ ਦੀ ਉਨ੍ਹਾਂ ਦੇ ਮਨ ਵਿੱਚ ਬੇਹੱਦ ਪੀੜਾ ਸੀ। ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4, ਜੂਨ 1904, ਨੂੰ ਪਿੰਡ ਰਾਜੇਵਾਲ ਜ਼ਿਲਾ ਲੁਧਿਆਣਾ ਵਿੱਚ ਮਾਤਾ ਮਹਿਤਾਬ ਕੌਰ ਪਿਤਾ ਛਿਬੂ ਮੱਲ ਜੀ ਦੇ ਘਰ ਹੋਇਆ।

ਉਨ੍ਹਾਂ ਦੇ ਪਿਤਾ ਅਮੀਰ ਵਪਾਰੀ ਸਨ ਪਰ 1913 ਵਿੱਚ ਅਕਾਲ ਦੌਰਾਨ ਸਾਰਾ ਵਪਾਰ ਤਬਾਹ ਹੋ ਗਿਆ। ਘਰੇਲੂ ਆਰਥਿਕ ਸੰਕਟ ਕਰਕੇ ਉਨ੍ਹਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਭਗਤ ਪੂਰਨ ਸਿੰਘ ਨੂੰ ਦਸਵੀਂ ਤਕ ਵਿਦਿਆ ਹਾਸਿਲ ਕਰਵਾਈ।

ਭਗਤ ਜੀ ਦਾ ਪਹਿਲਾ ਨਾਮ ਰਾਮ ਜੀ ਸੀ ਪਰ ਬਾਅਦ ਵਿਚ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਪੂਰਨ ਸਿੰਘ ਰੱਖ ਲਿਆ। ਇਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਤਾਂ ਉਨ੍ਹਾਂ ਨੇ ਉਸਦੀ ਸੰਭਾਲ ਕੀਤੀ ਤੇ ਉਸਦਾ ਨਾਂ ਪਿਆਰਾ ਸਿੰਘ ਰੱਖਿਆ।

- Advertisement -

ਭਾਰਤ-ਪਾਕਿਸਤਾਨ ਵੰਡ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ‘ਤੇ ਚੁੱਕ ਕੇ ਸ਼ਰਨਾਰਥੀ ਕੈਂਪਾਂ ਵਿੱਚ ਬੇਸਹਾਰਾ, ਲਾਵਾਰਸ, ਬਿਮਾਰਾਂ ਦੀ ਭਾਈ ਘਨਈਆ ਜੀ ਵਾਂਗ ਮਦਦ ਕਰਦੇ ਸਨ।

 

ਉਨ੍ਹਾਂ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੇ ਛਾਪ ਕੇ ਮੁਫਤ ਵੰਡੇ ਜਿਨ੍ਹਾਂ ਦਾ ਵਿਸ਼ਾ ਵਾਤਾਵਰਣ, ਵਿਵਹਾਰ ਜੀਵਨ, ਸਿਹਤ, ਨੈਤਕਿਤਾ, ਵਰਤਮਾਨ ਤੇ ਭਵਿੱਖ ਨਾਲ ਜੁੜੇ ਹੋਏ ਹਨ।

ਲਿਖਤਾਂ ਦਾ ਮਨੋਰਥ ਮਨੁੱਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰ ਰੱਖਿਆ ਤੇ ਵਾਤਾਵਰਣ ਸਮੱਸਿਆਵਾਂ ਸਨ। ਉਹ ਪੰਜਾਬੀ, ਇੰਗਲਸ਼ ਤੇ ਉਰਦੂ ਭਾਸ਼ਾਵਾਂ ਜਾਣਦੇ ਸਨ। ਉਨ੍ਹਾਂ 6-3-1957 ਨੂੰ ਪੂਰਨ ਪਾਰਕਿੰਗ ਪ੍ਰੈਸ ਦੀ ਸਥਾਪਨਾ ਕੀਤੀ। ਇਥੋਂ ਸਾਰਾ ਸਾਹਿਤ ਪ੍ਰਕਾਸ਼ਤ ਕਰਕੇ ਲੋਕਾਂ ਵਿੱਚ ਮੁਫਤ ਵੰਡਿਆ ਜਾਂਦਾ, ਇਹ ਪ੍ਰਥਾ ਅੱਜ ਵੀ ਜਾਰੀ ਹੈ।

ਭਗਤ ਪੂਰਨ ਸਿੰਘ ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ। ਉਨ੍ਹਾਂ ਪਿੰਗਲਵਾੜੇ ਵਿੱਚ ਏ ਸੀ ਨਹੀਂ ਲਗਵਾਇਆ ਕਿਉਕਿ ਉਹ ਜਾਣਦੇ ਸਨ ਵਾਯੂਮੰਡਲ ਵਿੱਚ ਇਸ ਨਾਲ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਪਿੰਗਲਵਾੜੇ ਦੀਆਂ ਅੰਮ੍ਰਿਤਸਰ, ਪੰਡੋਰੀ ਵੜੈਚ, ਮਾਨਾਂਵਾਲਾ, ਗੋਇੰਦਵਾਲ (ਅੰਮ੍ਰਿਤਸਰ), ਸੰਗਰੂਰ, ਜਲੰਧਰ ਤੇ ਚੰਡੀਗੜ੍ਹ ਵਿਚ ਬਰਾਂਚਾ ਹਨ। ਇਨ੍ਹਾਂ ਵਿੱਚ ਲਗਭਗ 1600 ਲਾਚਾਰ, ਗੁੰਗੇ ਬੋਲੇ, ਅਪਾਹਜ, ਬਿਮਾਰ, ਪਾਗਲ ਮਰਦ, ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਜਿਨ੍ਹਾਂ ਦਾ ਬਿਨਾ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। 1979 ਵਿਚ ਭਗਤ ਪੂਰਨ ਸਿੰਘ ਜੀ ਨੂੰ ਸ਼੍ਰੀ ਪਦਮ ਐਵਾਰਡ,1990 ਵਿੱਚ ਹੇਰਮਨੀ ਐਵਾਰਡ ਤੇ 1991 ਵਿੱਚ ਰੋਗ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

- Advertisement -

ਅੱਜ ਕੱਲ੍ਹ ਭਗਤ ਪੂਰਨ ਸਿੰਘ ਦੇ ਉਤਰ ਅਧਿਕਾਰੀ ਡਾਕਟਰ ਬੀਬੀ ਇੰਦਰਜੀਤ ਕੌਰ ਹਨ ਜੋ ਇਹ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਉਦੇਸ਼ – ਕੁਦਰਤੀ ਸੋਮਿਆਂ ਦੀ ਰੱਖਿਆ ਕਰੋ। ਵੱਧ ਤੋਂ ਵੱਧ ਰੁੱਖ ਲਾਉ। ਸਾਦਾ ਖਾਣਾ, ਸਾਦਾ ਪਹਿਨਣਾ (ਖਾਦੀ ਦਾ ਕੱਪੜਾ) ਤੇ ਸਾਦਗੀ ਵਿੱਚ ਰਹੋ। ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ। ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ। ਬੇਰੋਜ਼ਗਾਰੀ ਨੂੰ ਘਟਾਉਣ ਵਿਚ ਮਦਦ ਕਰੋ।

Share this Article
Leave a comment