Home / ਓਪੀਨੀਅਨ / 23 ਮਾਰਚ ਤੇ ਆਜ਼ਾਦੀ ਦੇ ਪਰਵਾਨੇ

23 ਮਾਰਚ ਤੇ ਆਜ਼ਾਦੀ ਦੇ ਪਰਵਾਨੇ

– ਅਵਤਾਰ ਸਿੰਘ

ਦੇਸ਼ ਦੀ ਆਜ਼ਾਦੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਹੁਸੈਨੀਵਾਲਾ ਵਿਚ ਸਥਾਪਿਤ ਹੋਣ ਕਰਕੇ ਇਹ ਵਿਸ਼ੇਸ਼ ਸਥਾਨ ਹੈ। 23 ਮਾਰਚ, 1931 ਨੂੰ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ। ਅੰਗਰੇਜ਼ ਹਕੂਮਤ ਨੇ ਲੋਕਾਂ ਦੇ ਗੁੱਸੇ ਤੋਂ ਡਰਦਿਆਂ ਚੋਰੀ ਛੁਪੇ ਇਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਦਾ ਗ਼ੈਰ-ਮਨੁੱਖੀ ਤਰੀਕੇ ਨਾਲ ਇੱਥੇ ਸਸਕਾਰ ਕਰ ਦਿੱਤਾ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਸਥਾਨ ਪਾਕਿਸਤਾਨ ਦੇ ਹਿੱਸੇ ਆਉਂਦਾ ਸੀ ਪਰ ਵੰਡ ਮਗਰੋਂ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਸ ਜ਼ਮੀਨ ਦੇ ਬਦਲੇ ਫ਼ਾਜ਼ਿਲਕਾ ਦੇ ਬਾਰਾਂ ਪਿੰਡ ਦੇ ਕੇ ਇਸ ਅਹਿਮ ਸਥਾਨ ਨੂੰ ਆਪਣੇ ਦੇਸ਼ ਦੀ ਹੱਦ ਵਿੱਚ ਸ਼ਾਮਲ ਕਰ ਲਿਆ ਸੀ। ਕਰੀਬ 37 ਸਾਲਾਂ ਮਗਰੋਂ ਸ਼ਹੀਦਾਂ ਦੀ ਯਾਦਗਾਰ ਇੱਥੇ ਸਥਾਪਤ ਕੀਤੀ ਗਈ। ਸਾਲ 1970 ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ’ਤੇ ਦੋਵਾਂ ਮੁਲਕਾਂ ਵੱਲੋਂ ਰੀਟਰੀਟ ਸੈਰੇਮਨੀ ਕੀਤੀ ਜਾਂਦੀ ਹੈ। 23 ਮਾਰਚ ਨੂੰ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਇੱਥੇ ਸਮਾਗਮ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਕਰੋਨਾਵਾਇਰਸ ਕਾਰਨ ਨਹੀਂ ਮਨਾਇਆ ਜਾ ਰਿਹਾ। ਇਸੇ ਤਰ੍ਹਾਂ ਖਟਕੜ ਕਲਾਂ ਵਿੱਚ ਵੀ ਕੋਈ ਸਮਾਗਮ ਨਹੀਂ ਕਰਵਾਇਆ ਜਾ ਰਿਹਾ।

ਇਤਿਹਾਸ ਦੇ ਪੰਨਿਆਂ ‘ਤੇ ਉਪਲਬਧ ਸ਼ਹੀਦ ਭਗਤ ਸਿੰਘ ਦੇ ਵੱਡੇ-ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ (ਮੌਜੂਦਾ ਜ਼ਿਲਾ ਤਰਨ ਤਾਰਨ ਜੋ ਪਾਕਿਸਤਾਨ ਸਰਹੱਦ ‘ਤੇ ਪੈਂਦਾ) ਵਿੱਚ ਰਹਿੰਦੇ ਸਨ।

ਇਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਰਾਂ ਨੂੰ ਭਜਾਇਆ ਸੀ। ਇਸ ਘਰਾਣੇ ਦੇ ਕਰੋੜ ਸਿੰਘੀਆ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਨੇ ਲਾਲ ਕਿਲੇ (ਦਿੱਲੀ) ‘ਤੇ ਝੰਡਾ ਝੁਲਾਇਆ ਸੀ। ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦੀ ਖਾਤਰ ਸ਼ਹੀਦੀ ਦਿੱਤੀ। ਇਕ ਵਾਰ ਇਸ ਪਰਿਵਾਰ ਦਾ ਨੌਜਵਾਨ ਰਣੀਆ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਜਾ ਰਿਹਾ ਸੀ, ਰਾਹ ਵਿੱਚ ਹਨੇਰਾ ਹੋਣ ‘ਤੇ ਬੜੇ ਗੜੇ ਦੇ ਮਾਲਕ ਕੋਲ ਠਹਿਰ ਗਿਆ। ਉਸ ਨੇ ਯਾਤਰਾ ਦਾ ਮਕਸਦ ‘ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ‘ਤੇ ਆਪਣੀ ਧੀ ਦਾ ਉਸ ਨੌਜਵਾਨ ਨਾਲ ਵਿਆਹ (1725 ਦੇ ਕਰੀਬ) ਕਰ ਦਿੱਤਾ ਤੇ ਦਾਜ ਵਿੱਚ ਬੜਾ ਗੜਾ ਦੇ ਦਿੱਤਾ। ਵਿਆਹ ਉਪਰੰਤ ਇਸ ਥਾਂ ਦਾ ਨਾਂ ਖਟ ਵਿੱਚ ਮਿਲੇ ਗੜ ਕਾਰਨ ਖਟਗੜ ਕਲਾਂ ਪੈ ਗਿਆ ਦੱਸਿਆ ਜਾਂਦਾ ਹੈ, ਜੋ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ।

ਰਣੀਆ ਦਾ ਪੁੱਤਰ ਭਾਉ ਸੀ ਜਿਸ ਦੇ ਤਿੰਨ ਪੁੱਤਰ ਲਛੀਆ, ਧਰਮਾ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ, ਅਮਰ ਸਿੰਘ ਤੇ ਰਾਮ ਸਿੰਘ ਸਨ, ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਾਗੀਰ ਦਿੱਤੀ। ਉਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਖਿਲਾਫ ਲੜਾਈਆਂ ਲੜੀਆਂ ਜਿਸ ਕਰਕੇ ਉਸ ਦੀ ਜਾਗੀਰ ਅੰਗਰੇਜ਼ਾਂ ਨੇ ਘੱਟ ਕਰ ਦਿੱਤੀ। ਇਸ ਦਾ ਪੁੱਤਰ ਖੇਮ ਸਿੰਘ (ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿੰਘ) ਸੀ, ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ, ਸੁਰਜਨ ਸਿੰਘ ਤੇ ਮੇਹਰ ਸਿੰਘ ਸਨ।

ਅੰਗਰੇਜਾਂ ਨੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਲਈ ਅਰਜਨ ਸਿੰਘ ਨੂੰ 25 ਏਕੜ ਜਮੀਨ ਪਿੰਡ ਬੰਗਾ ਚੱਕ 105 ਜ਼ਿਲਾ ਲਾਇਲਪੁਰ ਵਿੱਚ ਦਿੱਤੀ, ਇਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ।

ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ, ਅਜੀਤ ਸਿੰਘ ਤੇ ਸਵਰਨ ਸਿੰਘ ਸਨ। ਕਿਸ਼ਨ ਸਿੰਘ ਦੇ ਜਗਤ ਸਿੰਘ, ਸ਼ਹੀਦ ਭਗਤ ਸਿੰਘ, ਕੁਲਬੀਰ ਸਿੰਘ, ਕੁਲਤਾਰ ਸਿੰਘ, ਰਾਜਿੰਦਰ ਸਿੰਘ, ਰਣਬੀਰ ਸਿੰਘ ਪੁੱਤਰ ਅਤੇ ਅਮਰ ਕੌਰ, ਸੁਮਿਤਰਾ ਤੇ ਸ਼ਕੂੰਤਲਾ ਪੁੱਤਰੀਆਂ ਸਨ। ਪ੍ਰੋਫੈਸਰ ਜਗਮੋਹਣ ਸਿੰਘ ਜੋ ਜਮਹੂਰੀ ਅਧਿਕਾਰ ਸਭਾ ਦੇ ਆਹੁਦੇਦਾਰ ਹਨ, ਉਹ ਬੀਬੀ ਅਮਰ ਕੌਰ ਦੇ ਪੁੱਤਰ ਹਨ, ਸ਼ਹੀਦ ਭਗਤ ਸਿੰਘ ਦੇ ਭਾਣਜੇ ਹਨ।

ਆਜ਼ਾਦੀ ਤੋਂ ਬਾਅਦ 1954 ਵਿੱਚ ਸ਼ਹੀਦ ਭਗਤ ਸਿੰਘ ਬਾਰੇ ਫਿਲਮ ਡਾਇਰੈਕਟਰ ਜਗਦੀਸ਼ ਗੌਤਮ ਨੇ ਤੇ ਸ਼ਸੀ ਕਪੂਰ ਨੇ 1963 ਵਿਚ ਫਿਲਮ ਬਣਾਈ ਪਰ ਚਲੀ ਨਹੀਂ। ਫਿਲਮ ਅਦਾਕਾਰ ਮਨੋਜ ਕੁਮਾਰ ਵਲੋਂ ਬਣਾਈ ਫਿਲਮ ਲੋਕਾਂ ਵਿਚ ਕਾਫੀ ਪਸੰਦ ਕੀਤੀ ਗਈ। ਪਰ ਰਾਜਸੀ ਪਾਰਟੀਆਂ ਨੇ ਆਪਣੇ ਆਪ ਨੂੰ ਭਗਤ ਸਿੰਘ ਤੋਂ ਦੂਰ ਹੀ ਰੱਖਿਆ ਗਿਆ।

ਸ਼ਹੀਦ ਭਗਤ ਸਿੰਘ ਨੂੰ 26 ਜਨਵਰੀ ਤੇ 15 ਅਗਸਤ ਨੂੰ ਗੀਤ ਗਾਉਣ ਤਕ ਸੀਮਤ ਰਖਿਆ। 23 ਮਾਰਚ 1932 ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਪਹਿਲੇ ਸ਼ਹੀਦੀ ਦਿਵਸ ਮੌਕੇ ਲੋਕ ਕਵੀ ਤਾਇਰ ਨੇ ਟਾਂਗੇ ‘ਤੇ ਖਲੋ ਕੇ ਪੜ੍ਹੀ ਗਈ ਭਗਤ ਸਿੰਘ ਦੀ ਘੋੜੀ :

“ਆਵੋ ਨੀ ਭੈਣੋਂ ਰਲ ਗਾਈਏ ਘੋੜੀਆਂ, ਜੰਞ ਤੇ ਹੋਈ ਏ ਤਿਆਰ ਵੇ ਹਾਂ।

ਮੌਤ ਕੁੜੀ ਨੂੰ ਪਰਨਾਵਣ ਚਲਿਆ, ਦੇਸ਼ ਭਗਤ ਸਰਦਾਰ ਵੇ ਹਾਂ। ਫਾਂਸੀ ਦੇ ਤਖਤੇ ਵਾਲਾ ਖ਼ਾਰਾ ਬਣਾ ਕੇ, ਬੈਠਾ ਤੂੰ ਚੌਂਕੜੀ ਮਾਰ ਵੇ ਹਾਂ।

ਹੰਝੂਆਂ ਦੇ ਪਾਣੀ ਭਰ ਨਾਹਵੋ ਗੜੋਲੀ, ਲਹੂ ਦੀ ਰਤੀ ਮੋਹਲੀ ਧਾਰ ਵੇ ਹਾਂ।

ਫਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ, ਸਿਹਰਾ ਤੂੰ ਬੱਧਾ ਝਾਲਰਦਾਰ ਵਾ ਹਾਂ।

ਜੰਡੀ ਤੇ ਵੱਢੀ ਲਾੜੇ ਜ਼ੋਰ-ਜ਼ੁਲਮ ਦੀ, ਸਬਰ ਦੀ ਮਾਰ ਤਲਵਾਰ ਵੇ ਹਾਂ।

ਰਾਜਗੁਰੂ ਤੇ ਸੁਖਦੇਵ ਸਰਬਾਲੇ, ਚੜਿਆ ਤੇ ਤੂੰ ਹੀ ਵਿਚਕਾਰ ਵੇ ਹਾਂ।

ਵਾਗ-ਫੜਾਈ ਤੈਥੋਂ ਭੈਣਾਂ ਨੇ ਲੈਣੀ, ਭੈਣਾਂ ਦਾ ਰੱਖਿਆ ਉਧਾਰ ਵੇ ਹਾਂ।

ਹਰੀ ਕਿਸ਼ਨ ਤੇਰਾ ਬਣਿਆ ਵੇ ਸਾਂਢੂ, ਢੁਕੇ ਤੇ ਤੁਸੀਂ ਇਕੋ ਵਾਰ ਵੇ ਹਾਂ।

ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ, ਕਈ ਪੈਦਲ ਤੇ ਕਈ ਸਵਾਰ ਵੇ ਹਾਂ।

ਕਾਲੀਆਂ ਪੁਸ਼ਾਕਾਂ ਪਾ ਕੇ ਜੰਝ ਜੁ ਤੁਰ ਪਈ, ‘ਤਾਇਰ’ ਵੀ ਹੋਇਆ ਏ ਤਿਆਰ ਵੇ ਹਾਂ।”

ਸ਼ਹੀਦ ਭਗਤ ਸਿੰਘ ਦਾ ਜਨਮ ਚੱਕ ਨੰ 105 ਬੰਗਾ ਪਾਕਿਸਤਾਨ ਵਿਖੇ 28-9-1907, ਰਾਜ ਗੁਰੂ ਦਾ 24-8-1908 ਨੂੰ ਪੁਣੇ ਤੇ ਸੁਖਦੇਵ ਦਾ 19-2-1907 ਨੂੰ ਲੁਧਿਆਣਾ ਵਿਖੇ ਜਨਮ ਇੰਟਰਨੈੱਟ ਉਪਰ ਉਸਦਾ ਜਨਮ 15 ਮਈ 1907 ਉਪਲਬਧ ਹੈ।’

Check Also

ਮਲਾਲਾ ਯੂਸਫਜੇਈ – ਸਭ ਤੋਂ ਛੋਟੀ ਉਮਰ ਦੀ ਨੋਬਲ ਇਨਾਮ ਜੇਤੂ

-ਅਵਤਾਰ ਸਿੰਘ ਸਕੂਲੀ ਕੁੜੀਆਂ ਨੂੰ ਸਿੱਖਿਆ ਲਈ ਮੁਹਿੰਮ ਚਲਾਉਣ ਵਾਲੀ ਮਲਾਲਾ ਯੂਸਫਜੇਈ ਸ਼ੋਸਲ ਵੈਬਸਾਇਟ ਟਵਿੱਟਰ …

Leave a Reply

Your email address will not be published. Required fields are marked *