ਮੁਕਤਸਰ :ਖੜ੍ਹੇ ਪਾਣੀ ਚ ਡੁੱਬੀਆਂ ਕਣਕ ਦੀਆਂ ਬੋਰੀਆਂ ਤੇ ਤੈਰਦੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਮੀਂਹ ਨੇ ਇੱਕ ਵਾਰ ਫਿਰ ਤਬਾਹ ਕਰ ਦਿੱਤੀ। ਤਬਾਹ ਹੁੰਦੀ ਕਣਕ ਦੀਆਂ ਤਸਵੀਰਾਂ ਜੋ ਕਿ ਪ੍ਰਸ਼ਾਸਨ ਦਾ ਮੂੰਹ ਚਿੜਾ ਰਹੀਆਂ ਹਨ। ਹਲਕੇ ਮੀਂਹ ਨੇ ਜਿੱਥੇ ਮੰਡੀ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਉਥੇ ਹੀ ਕਿਸਾਨਾਂ ਦੇ ਹੌਸਲਿਆਂ ਤੇ ਵੀ ਕਹਿਰ ਢਾਹ ਕੇ ਰੱਖ ਦਿੱਤਾ ਹੈ। ਜਿੱਥੇ ਮੰਡੀ ਵਿਚ ਬਣੇ ਸ਼ੈੱਡਾਂ ਦੇ ਬਾਹਰ ਪਈ ਕਣਕ ਅਤੇ ਕਣਕ ਨਾਲ ਭਰੀਆਂ ਬੋਰੀਆਂ ਭਿੱਜੀਆਂ ਦਿਖਾਈ ਦਿੱਤੀਆਂ ਉਥੇ ਹੀ ਮੰਡੀ ਦੇ ਨੀਵੇਂ ਹਿੱਸੇ ਅਤੇ ਮੁੱਖ ਰਸਤਾ ਪਾਣੀ ਨਾਲ ਭਰ ਗਿਆਹੈ। ਉਥੇ ਮੰਡੀ ਵਿੱਚ ਫਸਲ ਵੇਚਣ ਲਈ ਪਹੁੰਚੇ ਕਿਸਾਨਾਂ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਬਾਵਜੂਦ ਮਾਰਕਿਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਇਕ ਵੱਡੀ ਘਾਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਮੰਡੀ ਵਿਚ ਬਰਸਾਤ ਤੋਂ ਬਚਾਅ ਵਾਸਤੇ ਆਰਜ਼ੀ ਤੌਰ ਤੇ ਪ੍ਰਬੰਧ ਤਾਂ ਕੀਤੇ ਗਏ ਸਨ, ਪਰ ਮੌਕੇ ਤੇ ਉਹ ਵੀ ਨਾਕਾਫ਼ੀ ਦਿਖਾਈ ਦਿੱਤੇ। ਹੈਰਾਨੀ ਵਾਲੀ ਗੱਲ ਇਹ ਕਿ ਮੀਂਹ ਨਾਲ ਭਰੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸਮਾਂ ਪਾ ਕੇ ਹੁੰਦਾ ਦਿਖਾਈ ਦਿੱਤਾ।
ਦੱਸ ਦਈਏ ਹੈ ਕਿ ਇਸ ਵਾਰ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਜਿੱਥੇ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਸੀ, ਉਥੇ ਹੀ ਹੁਣ ਜਦੋਂ ਫਸਲ ਮੰਡੀਆਂ ਵਿੱਚ ਵਿਕਣ ਲਈ ਪਹੁੰਚੀ ਤਾਂ ਵੀ ਮੀਂਹ ਨੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ। ਇਸ ਬੇਮੌਸਮੇ ਮੀਂਹ ਨੇ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਹੋਣ ਦੀਆਂ ਆਸਾਂ ਤੇ ਪਹਿਲਾਂ ਹੀ ਪਾਣੀ ਫੇਰ ਕੇ ਰੱਖ ਦਿੱਤਾ।
ਉਧਰ, ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਕਲਗਾ ਸਿੰਘ ਨੇ ਦੱਸਿਆ ਹੈ ਕਿ ਬਰਸਾਤੀ ਸੀਜਨ ਨੂੰ ਦੇਖਦੇ ਹੋਏ ਲੌੜੀਂਦੇ ਪ੍ਰਬੰਧ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 58,348 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਿਸ ਵਿੱਚੋਂ 51,288 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦਕਿ ਖਰੀਦੀ ਗਈ 41,159 ਮੀਟਰਕ ਟਨ ਕਣਕ ਦੀ ਲਿਫਟਿੰਗ ਅਜੇ ਬਾਕੀ ਹੈ, ਪਰ ਲਿਫਟਿੰਗ ਦਾ ਕੰਮ ਹੌਲੀ ਗਤੀ ਨਾਲ ਹੋਣ ਦੇ ਚੱਲਦਿਆਂ 41,159 ਮੀਟਰਕ ਟਨ ਕਣਕ ਮੰਡੀਆਂ ਵਿੱਚ ਲਟਕੀ ਹੋਈ ਹੈ।