ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਆਪਣੀ ਮਜ਼ਬੂਤ ਤੇ ਡਟਵੀਂ ਹਮਾਇਤ ਮੁੜ ਦੁਹਰਾਈ ਤੇ ਆਖਿਆ ਕਿ ਅਸੀਂ ਹਮੇਸ਼ਾ ਇਹਨਾਂ ਕਦਰਾਂ ਕੀਮਤਾਂ ਦੀ ਰਾਖੀ ਲਈ ਅੱਗ ਹੋ ਕੇ ਲੜਾਈ ਲੜੀ ਤੇ ਕੁਰਬਾਨੀਆਂ ਦਿੱਤੀਆਂ ਹਨ।
ਪਾਰਟੀ ਨੇ ਕਿਹਾ ਕਿ ਇਹ ਕਿਸੇ ਵੀ ਤਰੀਕੇ ਹਿੰਸਾ ਦੀ ਵਰਤੋਂ ਦਾ ਵਿਰੋਧ ਕਰਦੀ ਹੈ। ਪਾਰਟੀ ਦੀ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਮਗਰੋਂ ਜਾਰੀ ਕੀਤੇ ਬਿਆਨ ਵਿਚ ਪਾਰਟੀ ਨੇ ਕਿਹਾ ਕਿ ਸਾਡਾ ਇਹ ਪੱਕਾ ਵਿਚਾਰ ਹੈ ਕਿ ਪੰਜਾਬ ਅਤੇ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਤੇ ਖੁਸ਼ਹਾਲ ਬਣ ਸਕਦਾ ਜੇਕਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਬਰਕਰਾਰ ਰਹੇ।
ਇਕ ਮਤੇ ਰਾਹੀਂ ਪਾਰਟੀ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਨੂੰ ਕਿਸਾਨਾਂ ਦੀਆਂ ਵਾਜਬ ਮੰਗਾਂ ਖੁਰਦ ਬੁਰਦ ਕਰਨ ਲਈ ਬਹਾਨੇ ਵਜੋਂ ਨਾ ਵਰਤੇ। ਪਾਰਟੀ ਨੇ ਕਿਹਾ ਕਿ ਅਸੀਂ ਸੰਸਦ ਦੇ ਆਉਂਦੇ ਸੈਸ਼ਨ ਦੌਰਾਨ ਇਹ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਵਾਂਗੇ।