ਕੀ ਕਾਂਗਰਸ ਵਿਧਾਇਕ ਅੱਜ ਫੜਨਗੇ ‘ਆਪ’ ਦਾ ਝਾੜੂ ?

TeamGlobalPunjab
3 Min Read

-ਵਿਵੇਕ ਸ਼ਰਮਾ

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ‘ਤੇ ਮੰਨਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਕਈ ‘ਵੱਡੇ ਚਿਹਰੇ’ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਗੇ। ਇਹ ਵੀ ਕਨਸੋਆਂ ਹਨ ਕਿ ਇੱਕ ਕਾਂਗਰਸੀ ਵਿਧਾਇਕ ‘ਆਪ’ ਦਾ ਝਾੜੂ ਫੜਨ ਲਈ ਤਿਆਰ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਕਲਾਕਾਰ ਭਗਵੰਤ ਮਾਨ ਵਾਂਗ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਕਿ ਹੁਣ ਹਰਭਜਨ ਮਾਨ ਵੀ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਹਾਲਾਂਕਿ ਇਸ ਬਾਰੇ ਆਪ ਆਗੂਆਂ ਵੱਲੋਂ ਨਾ ਤਾਂ ਕੋਈ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਇਨਕਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਤਰ੍ਹਾਂ ਹੀ ਮੰਗਲਵਾਰ ਨੂੰ ਵੀ ਵੱਡੇ ਚਿਹਰਿਆਂ ਦੇ ‘ਆਪ’ ਵਿੱਚ ਸ਼ਾਮਲ ਕਰਨ ਦਾ ਐਲਾਨ ਕਰਕੇ ਪਾਰਟੀ ਕਾਂਗਰਸ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਜਾ ਰਹੀ ਹੈ। ਪਿਛਲੇ ਹਫ਼ਤੇ ਕੇਜਰੀਵਾਲ ਉਸ ਸਮੇਂ ਪੰਜਾਬ ਆਏ ਸਨ ਜਦੋਂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ‘ਆਪ’ ਵਿੱਚ ਸ਼ਾਮਲ ਹੋਏ ਸਨ।

ਇੱਥੇ ਦੱਸਣਾ ਬਣਦਾ ਹੈ ਕਿ ਕੇਜਰੀਵਾਲ ਉਸ ਸਮੇਂ ਹੀ ਪੰਜਾਬ ਆਉਂਦੇ ਹਨ ਜਦੋਂ ਕਿਸੇ ਵੱਡੇ ਚਿਹਰੇ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਹੁੰਦਾ ਹੈ ਜਾਂ ਪੰਜਾਬ ਵਾਸੀਆਂ ਲਈ ਕੋਈ ਵੱਡਾ ਐਲਾਨ ਕਰਨਾ ਹੋਵੇ। ਕੇਜਰੀਵਾਲ ਅੱਜ ‘ਆਪ’ ਦੇ ਚੋਣ ਮੈਨੀਫੈਸਟੋ ਦੇ ਕੁਝ ਐਲਾਨ ਵੀ ਸਾਂਝੇ ਕਰ ਸਕਦੇ ਹਨ। ਇਸ ਤਰ੍ਹਾਂ ਕਰਕੇ ਉਹ ਪਾਰਟੀ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਧਾਰ ਤਿਆਰ ਕਰ ਰਹੇ ਹਨ। ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ‘ਆਪ’ ਪੰਜਾਬ ਨਾਲ ਸਬੰਧਤ ਆਗੂ ਕੈਪਟਨ ਸਰਕਾਰ ‘ਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਉਹ ਮੁੱਦਾ ਚਾਹੇ ਬਿਜਲੀ ਦਰਾਂ ਦਾ ਹੋਵੇ, ਅਧਿਆਪਕਾਂ ‘ਤੇ ਲਾਠੀਚਾਰਜ ਦਾ ਹੋਵੇ, ਛੇਵੇਂ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਦੇਰੀ ਜਾਂ ਕੋਰੋਨਾ ਵੈਕਸੀਨ ਅਤੇ ‘ਫਤਹਿ ਕਿੱਟ’ ਵਿੱਚ ਹੋਏ ਘੁਟਾਲੇ ਦਾ ਹੋਵੇ।

ਪੰਜਾਬ ਮਾਮਲਿਆਂ ਬਾਰੇ ‘ਆਪ’ ਦੇ ਇੰਚਾਰਜ ਰਾਘਵ ਚੱਢਾ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈ ਰਹੇ ਹਨ ਤਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਪ ਦੇ ਵਿਧਾਇਕ ਹਰ ਰੋਜ਼ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰ ਰਹੇ ਹਨ। ਆਪ ਦੇ ਯੂਥ ਵਿੰਗ ਦੇ ਆਗੂ ਅਤੇ ਵਿਧਾਇਕ ਮੀਤ ਹੇਅਰ ਤਕਰੀਬਨ ਹਰ ਰੋਜ਼ ਹੀ ਕੈਪਟਨ ਸਰਕਾਰ ‘ਤੇ ਹਮਲਾ ਕਰ ਰਹੇ ਹਨ। ਇਸ ਨੂੰ ‘ਆਪ’ ਦੀ ਹਮਲਾਵਰ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

- Advertisement -

ਸਿਆਸੀ ਮਾਹਰਾਂ ਦੀ ਮੰਨੀਏ ਤਾਂ ‘ਆਪ’ ਪੰਜਾਬ ਵਿਚ ਇਸ ਵਾਰ ਪਿਛਲੀ ਵਾਰ ਦੀ ਤਰ੍ਹਾਂ ਗਲਤੀਆਂ ਨਹੀਂ ਦੁਹਰਾਉਣਾ ਚਾਹੇਗੀ । ਪਾਰਟੀ ਹੁਣ ਉਹਨਾਂ ਆਗੂਆਂ ਜਾਂ ਵੱਡੇ ਚਿਹਰਿਆਂ ਨੂੰ ਹੀ ਸ਼ਾਮਲ ਕਰੇਗੀ ਜਿਹੜੇ ਪਾਰਟੀ ਨਾਲ ਲੰਮਾ ਸਮਾਂ ਬਣੇ ਰਹਿਣਗੇ।

Share this Article
Leave a comment