ਕੀ ਅਖਾਣਾਂ ਤੇ ਮੁਹਾਵਰੇ ਬਿਆਨ ਕਰਦੇ ਨੇ ਮਨੁੱਖੀ ਜੀਵਨ ਦੇ ਰੰਗ-ਢੰਗ ਨੂੰ?

TeamGlobalPunjab
3 Min Read

ਨਿਊਜ਼ ਡੈਸਕ :- ਅਖਾਣ ਤੇ ਮੁਹਾਵਰੇ ਭਲੀਭਾਂਤ ਪ੍ਰਚੀਨ ਲੋਕਾਂ ਦੀ ਰਹਿਣੀ-ਬਹਿਣੀ ਤੇ ਸੋਚਣੀ ਦੀ ਕਹਾਣੀ ਬਿਆਨ ਕਰਦੇ ਹਨ। ਉਦਾਹਰਨ ਵਜੋਂ ‘‘ਕਾਹਲੀ ਅੱਗੇ ਟੋਏ’’ ਦੇ ਅਖਾਣ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਦਾ ਮਨੁੱਖ ਕਾਹਲੀ ਨਹੀਂ ਸੀ ਕਰਦਾ, ਉਹ ਜਾਣਦਾ ਸੀ ਕਿ ਕਾਹਲੀ ਨਾਲ ਕੀਤਾ ਕੋਈ ਵੀ ਕੰਮ ਖਰਾਬ ਜਾਂ ਅਧੂਰਾ ਹੋ ਜਾਂਦਾ ਹੈ। ‘‘ਸਹਿਜ ਪਕੇ ਸੋ ਮੀਠਾ ਹੋਏ’’ ਇਹ ਮੁਹਾਵਰਾ ਵੀ ਇਹੋ ਹੀ ਸਿੱਖਿਆ ਦਿੰਦਾ ਹੈ ਕਿ ਕਾਹਲੀ ਨਾਲ ਪਕਾਇਆ ਭੋਜਨ ਸੁਆਦਲਾ ਨਹੀਂ ਹੁੰਦਾ। ਹਿੰਦੀ ਦੇ ਇਕ ਕਵੀ ਨੇ ਆਪਣੀ ਕਵਿਤਾ ‘ਚ ਠੀਕ ਹੀ ਲਿਖਿਆ ਹੈ ਕਿ ‘‘ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁੱਛ ਹੋਏ, ਮਾਲੀ ਸੀਂਚੇ ਸੌ ਘੜਾ ਰਿਤੂ ਆਏ ਫਲ ਹੋਏ’’। ਮਤਲਬ ਹੌੌਲੀ-ਹੌਲੀ ਕੰਮ ਹੋ ਜਾਂਦੇ ਹਨ। ਅੰਬ ਜਾਂ ਜਾਮਣ ਦੇ ਰੁੱਖ ਨੂੰ ਸੌ-ਸੌ ਘੜੇ ਪਾਣੀ ਦੇ ਰੋਜ਼ ਪਾਓ, ਪਰ ਫਲ ਤਾਂ ਉਸ ਨੂੰ  ਮੌਸਮ ਆਉਣ ’ਤੇ ਹੀ ਲੱਗਦੇ ਹਨ। ਇਸ ਤਰ੍ਹਾਂ ਮਨੁੱਖ ਨੂੰ ਸਬਰ ਤੇ ਸੰਤੋਖ ਤੋਂ ਕੰਮ ਲੈਂਦੇ ਹੋਏ ਹੌਲੀ-ਹੌਲੀ ਆਪਣਾ ਕੰਮ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਕੋਈ ਵੀ ਕੰਮ ਸਾਫ਼ ਸੋਹਣਾ ਤੇ ਤਰਤੀਬ, ਲਗਨ ਤੇ ਮਿਹਨਤ ਨਾਲ ਜੀਅ ਲਗਾ ਕੇ ਕਰਨਾ ਚਾਹੀਦਾ ਹੈ। ਕਾਹਲੀ ਨਹੀਂ ਕਰਨੀ ਚਾਹੀਦੀ, ਜਦੋਂ ਸਮਾਂ ਆਵੇਗਾ ਸਫਲਤਾ ਆਪਣੇ-ਆਪ ਮਿਲ ਜਾਵੇਗੀ।

ਅੱਜ ਅਸੀਂ ਜਿਸ ਦੌਰ ‘ਚੋਂ ਗੁਜ਼ਰ ਰਹੇ ਹਾਂ, ਇਹ ਕਾਹਲੀ ਤੇ ਤੇਜ਼ੀ ਦਾ ਦੌਰ ਹੈ, ਜਲਦੀ ਭੋਜਨ ਪਕਾਉਣ ਵਾਸਤੇ ਪ੍ਰੈਸ਼ਰ ਕੁੱਕਰ ਆ ਗਿਆ ਹੈ, ਤੁਰੰਤ ਕੌਫੀ ਜਾਂ ਚਾਹ ਤਿਆਰ ਕਰਨ ਲਈ ਇਨਸਟੈਂਟ ਕੌਫੀ ਬਾਜ਼ਾਰ ‘ਚ ਆ ਗਈ ਹੈ। ਰਸਨਾ ਥਮਜ ਅੱਪ, ਕੈਂਪੇ ਵਰਗੇ ਬਣੇ-ਬਣਾਏ ਸ਼ਰਬਤ ਵਿਕਣ ਲੱਗ ਪਏ ਹਨ, ਹੋਰ ਤਾਂ ਹੋਰ ਕੱਪੜੇ ਵੀ ਰੈਡੀਮੇਡ ਵਿਕਦੇ ਹਨ। ਦਵਾਈਆਂ ਆਦਿ ਨੂੰ ਹੁਣ ਕੁੱਟਣਾ, ਛਾਣਨਾ ਤੇ ਉਬਾਲਣਾ ਨਹੀਂ ਪੈਂਦਾ। ਬਣੀਆਂ -ਬਣਾਈਆ ਗੋਲੀਆਂ ਮਿਲ ਜਾਂਦੀਆਂ ਹਨ। ਲੋਕਾਂ ‘ਚ ਸਬਰ ਰਿਹਾ ਹੀ ਨਹੀਂ, ਉਹ ਕਾਹਲੀ ਨਾਲ ਤੁਰਦੇ ਹਨ ਤੇ ਗੱਲਾਂ ਵੀ ਕਾਹਲੀ-ਕਾਹਲੀ ਨਾਲ ਕਰਦੇ ਹਨ।

ਇਸਤੋਂ ਇਲਾਵਾ ਅਧਿਆਪਕ ਵੀ ਕਾਹਲੀ-ਕਾਹਲੀ ਹੀ ਪੜ੍ਹਾਉਂਦੇ ਹਨ ਤੇ ਬੱਚੇ ਵੀ ਕਾਹਲੀ-ਕਾਹਲੀ ਸਕੂਲ ਦਾ ਕੰਮ ਕਰਕੇ ਪਰ੍ਹਾਂ ਮਾਰਦੇ ਹਨ। ਕਾਹਲੀ-ਕਾਹਲੀ ‘ਚ ਅਸੀਂ ਜਦੋਂ ਵਹੀਕਲ ਚਲਾਉਂਦੇ ਹਾਂ ਤਾਂ ਦੁਰਘਟਨਾ ਦਾ ਸ਼ਿਕਾਰ ਹੋਣ ਦਾ ਡਰ ਰਹਿੰਦਾ ਹੈ। ਆਪਰੇਸ਼ਨ ਕਰਦੇ ਸਮੇਂ ਜਦੋਂ ਡਾਕਟਰ ਕਾਹਲੀ -ਕਾਹਲੀ ਨਾਲ ਟਾਂਕੇ ਲਗਾ ਦਿੰਦੇ ਹਨ ਤਾਂ ਕਈ ਵਾਰ ਕੈਂਚੀਆਂ ਅਤੇ ਪੱਟੀਆਂ ਮਰੀਜ਼ ਦੇ ਪੇਟ ‘ਚ ਹੀ ਰਹਿ ਜਾਂਦੀਆਂ ਹਨ, ਜਿਸ ਨਾਲ ਉਸ ਨੂੰ ਜੋ ਤਕਲੀਫ ਝੱਲਣੀ ਪੈਂਦੀ ਹੈ, ਉਹ ਅਸਹਿ ਹੁੰਦੀ ਹੈ।

TAGGED: , ,
Share this Article
Leave a comment