ਫਿਰੋਜ਼ਪੁਰ: ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਸਨ। ਜਿਸ ਦੇ ਚਲਦਿਆਂ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 75 ਗੱਟੂ ਚਾਈਨਾ ਡੋਰ 2 ਲੱਖ ਰੁਪਏ ਦੀ ਨਗਦੀ ਅਤੇ 1 ਕਾਰ ਦੇ ਨਾਲ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਵੀ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਦੇ ਖਿਲਾਫ 188/420 ਆਈਪੀਸੀ 39,51 ਆਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 15 ਆਫ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਆਤਮਾ ਸਿੰਘ ਪੁਲਿਸ ਪਾਰਟੀ ਦੇ ਨਾਲ ਗਸ਼ਤ, ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਵਿਸ਼ਕਰਮਾ ਚੌਂਕ ਦੇ ਕੋਲ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਡੋਰਾ ਅਤੇ ਪਤੰਗਾ ਵੇਚਣ ਦਾ ਧੰਦਾ ਕਰਦਾ ਹੈ। ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਪਣੀ ਸੈਂਟਰੋ ਕਾਰ PB-37-B-5570 ਚਾਈਨਾ ਡੋਰ ਬੈਨ ਹੋਣ ਕਰਕੇ ਉਸ ਦੇ ਰੈਪਰ ਬਦਲ ਕੇ ਆਪਣੀ ਗੱਡੀ ਵਿਚ ਲੋਡ ਕਰਕੇ ਫਿਰੋਜ਼ਪੁਰ ਵਲੋਂ ਆ ਰਿਹਾ ਹੈ ਜੇਕਰ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਉਕਤ ਵਿਅਕਤੀ ਲੱਕੀ ਪੁੱਤਰ ਰਮੇਸ਼ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਸਣੇ ਉਸ ਦੀ ਗੱਡੀ ਨੂੰ ਕਾਬੂ ਕੀਤਾ ਗਿਆ ਤਾਂ ਤਲਾਸ਼ੀ ਦੌਰਾਨ ਗੱਡੀ ਵਿੱਚੋ 75 ਗੱਟੂ ਚਾਈਨਾ ਡੋਰ ਅਤੇ 2 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜਿਸ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਥਾਣਾ ਗੁਰੂਹਰਸਹਾਏ ‘ਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।