ਚੰਡੀਗੜ੍ਹ: ਕਣਕ ਦੀ ਖਰੀਦ ਸਬੰਧੀ ਸਿੱਧੀ ਅਦਾਇਗੀ ‘ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪਹਿਲਾਂ ਇਹ ਖਦਸ਼ੇ ਸਨ ਕਿ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲਿਆਂ ਕਿਸਾਨਾਂ ਦੇ ਖਾਤੇ ‘ਚ ਪੈਸੇ ਸਿੱਧੇ ਜਾਣਗੇ ਜਾਂ ਫਿਰ ਆੜਤੀਆਂ ਰਹੀਂ ਉਹਨਾਂ ਨੂੰ ਅਦਾਇਗੀ ਹੋਵੇਗੀ। ਇਸ ਸਬੰਧੀ ਕੇਂਦਰ ਸਰਕਾਰ ਸਾਰੇ ਖਦਸ਼ੇ ਦੂਰ ਕਰ ਦਿੱਤੇ ਹਨ। ਕੇਂਦਰ ਸਰਕਾਰ ਮੁਤਾਬਕ ਹੁਣ ਠੇਕੇ ‘ਤੇ ਖੇਤੀ ਕਰਨ ਵਾਲਿਆਂ ਕਿਸਾਨਾਂ ਦੇ ਵੀ ਖਾਤੇ ‘ਚ ਸਿੱਧੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਸਾਰੇ ਪ੍ਰਬੰਧ ਸੂਬਾ ਸਰਕਾਰਾਂ ਵੱਲੋਂ ਕੀਤੇ ਜਾਣਗੇ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਦਿੱਤੀ। ਇਸ ਤੋਂ ਇਲਾਵਾ ਪਿਊਸ਼ ਗੋਇਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਫਸਲ ਫਰੀਦ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣ ਨਾਲ ਕਿਸਾਨ ਕਿਸੇ ਦੇ ਮਗਰ ਨਹੀਂ ਲੱਗਣਗੇ ਅਤੇ ਕਿਸਾਨਾਂ ਨੂੰ ਫਸਲ ਦਾ ਪੂਰਾ ਭਾਆ ਮਿਲੇਗਾ।
ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਈ ਸੀ। ਪੰਜਾਬ ਸਰਕਾਰ ਮੁਤਾਬਕ ਹੁਣ ਤੱਕ ਪੰਜਾਬ ਵਿੱਚ 178542 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿਚੋਂ ਪਨਗ੍ਰੇਨ ਨੇ 46599 ਮੀਟ੍ਰਿਕ ਟਨ ਦੀ ਖਰੀਦ ਕੀਤੀ ਹੈ, ਮਾਰਕਫੈਡ 44615 ਮੀਟ੍ਰਿਕ ਟਨ, ਪਨਸਪ ਨੇ 43302 ਮੀਟ੍ਰਿਕ ਟਨ ਦੀ ਖਰੀਦ ਕੀਤੀ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 27089 ਮੀਟਰਕ ਟਨ ਅਤੇ ਕੇਂਦਰ ਦੀ ਸਰਕਾਰੀ ਏਜੰਸੀ ਐਫ.ਸੀ.ਆਈ ਨੇ 600 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਆੜਤੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਸਨ ਸਿੱਧੀ ਅਦਾਇਗੀ ਨੂੰ ਬੰਦ ਕਰਕੇ ਪਹਿਲਾਂ ਵਾਲਾ ਸਿਸਟਮ ਆਪਣਾਇਆ ਜਾਵੇ। ਆੜਤੀਆਂ ਦੇ ਹੱਕ ‘ਚ ਕਿਸਾਨਾਂ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਖੜ੍ਹੀ ਸੀ, ਖਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਿਊਸ਼ ਗੋਇਲ ਨਾਲ ਸਿੱਧੀ ਅਦਾਇਗੀ ਮੁੱਦੇ ‘ਤੇ ਗੱਲਬਾਤ ਕੀਤੀ ਸੀ ਪਰ ਕੈਪਟਨ ਸਰਕਾਰ ਨੂੰ ਕੋਈ ਰਾਹਤ ਨਾ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ‘ਚ ਸਿੱਧੀ ਅਦਾਇਗੀ ‘ਤੇ ਹੀ ਖਰੀਦ ਸ਼ੁਰੂ ਕਰ ਦਿੱਤੀ ਗਈ।