ਕਪਿਲ ਸ਼ਰਮਾ ਨਾਲ ਧੋਖਾਧੜੀ ਦੇ ਦੋਸ਼ ‘ਚ ਕਾਰ ਡਿਜ਼ਾਈਨਰ ਦਾ ਪੁੱਤਰ ਗ੍ਰਿਫ਼ਤਾਰ

TeamGlobalPunjab
2 Min Read

ਮੁੰਬਈ : ਮੁੰਬਈ ਪੁਲਿਸ ਨੇ ਸ਼ਨਿਚਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ ’ਚ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਪੁੱਤਰ ਬੋਨਿਟੋ ਛਾਬੜੀਆ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਬੋਨਿਟੋ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

ਬੋਨਿਟੋ ਛਾਬੜੀਆ

- Advertisement -

 ਦਰਅਸਲ ਕਪਿਲ ਨੇ ਪਿਛਲੇ ਸਾਲ ਮੁੰਬਈ ਪੁਲਿਸ ਨੂੰ ਦਲੀਪ ਛਾਬੜੀਆ ਸਮੇਤ ਹੋਰਨਾਂ ਖ਼ਿਲਾਫ਼ 5.3 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਕਪਿਲ ਨੇ ਦੱਸਿਆ ਸੀ ਕਿ ਉਨ੍ਹਾਂ ਛਾਬੜੀਆ ਨੂੰ ਵੈਨਿਟੀ ਬੱਸ ਡਿਜ਼ਾਈਨ ਕਰਨ ਲਈ ਮਾਰਚ ਤੋਂ ਮਈ 2017 ਦੌਰਾਨ ਪੰਜ ਕਰੋੜ ਰੁਪਏ ਦਿੱਤੇ ਸਨ ਪਰ 2019 ਤਕ ਇਹ ਕੰਮ ਅੱਗੇ ਨਹੀਂ ਵਧਿਆ। ਇਸ ਤੋਂ ਬਾਅਦ ਕਪਿਲ ਨੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨਸੀਐੱਲਟੀ) ਨਾਲ ਸੰਪਰਕ ਕੀਤਾ ਸੀ।

ਇਸ ਦੌਰਾਨ ਛਾਬੜੀਆ ਨੇ ਪਿਛਲੇ ਸਾਲ ਕਪਿਲ ਨੂੰ ਵੈਨਿਟੀ ਬੱਸ ਦੇ ਪਾਰਕਿੰਗ ਚਾਰਜ ਦੇ ਰੂਪ ‘ਚ 1.20 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ। ਇਸ ਤੋਂ ਬਾਅਦ ਕਾਮੇਡੀਅਨ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਰਿਪੋਰਟ ਦਰਜ ਕਰਵਾ ਦਿੱਤੀ।

ਇਕ ਅਧਿਕਾਰੀ ਨੇ ਦੱਸਿਆ, ‘ਮਾਮਲੇ ਦੀ ਜਾਂਚ ਦੌਰਾਨ ਬੋਨਿਟੋ ਛਾਬੜੀਆ ਦੀ ਭੂਮਿਕਾ ਸਾਹਮਣੇ ਆਈ। ਇਸ ਲਈ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਬਾਅਦ ’ਚ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਲੀਪ ਛਾਬੜੀਆ ਨੂੰ ਕਰੋੜਾਂ ਰੁਪਏ ਦੇ ਕਾਰ ਫਾਇਨਾਂਸ ਘਪਲੇ ’ਚ ਗ੍ਰਿਫ਼ਤਾਰ ਕੀਤਾ ਸੀ।

Share this Article
Leave a comment