ਡਿਜ਼ੀਟਲ ਸਾਹਿਤਕ ਮੈਗਜ਼ੀਨ ‘ਪੰਜਾਬੀ ਫੁਲਵਾੜੀ’ ਦਾ ਰਿਲੀਜ਼ ਸਮਾਗਮ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਅਤੇ ਸਾਹਿਤਕ ਪੱਤਰ ਫੁਲਵਾੜੀ ਜਾਰੀ ਕਰਨ ਵਾਲੇ ਗਿਆਨੀ ਹੀਰਾ ਸਿੰਘ ਦਰਦ ਨੂੰ ਸਮਰਪਿਤ ਡਿਜ਼ੀਟਲ ਸਾਹਿਤਕ ਮੈਗਜ਼ੀਨ ‘ਪੰਜਾਬੀ ਫੁਲਵਾੜੀ’ (www.punjabiphulwari.com) ਦਾ ਓਪਨਿੰਗ ਸਮਾਗਮ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਯੋਜਿਤ ਕੀਤਾ ਗਿਆ।

ਪੰਜਾਬੀ ਸਾਹਿਤ ਅਤੇ ਕਲਾ ਨਾਲ ਸੰਬੰਧਤ ਇਸ ਪੋਰਟਲ ਨੂੰ ਪੋਰਟਲ ਨੂੰ ਪ੍ਰਸਿੱਧ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ (ਚੇਅਰਮੈਨ, ਪੰਜਾਬ ਆਰਟ ਕੌਂਸਲ) ਨੇ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ।

ਇਸ ਮੌਕੇ ਤੇ ਡਾਕਟਰ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਫੁਲਵਾੜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇਹਨਾਂ ਨੌਜਵਾਨਾਂ ਨੇ ਬੜੀ ਵੱਡੀ ਜਿੰਮੇਵਾਰੀ ਚੁੱਕੀ ਹੈ। ਉਮੀਦ ਹੈ ਇਹ ਪੋਰਟਲ ਵੀ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਭਰਪੂਰ ਯੋਗਦਾਨ ਪਾਵੇਗਾ।

ਗਿਆਨੀ ਹੀਰਾ ਸਿੰਘ ਦਰਦ ਦੇ ਪੋਤੇ ਅਤੇ ਲੇਖਕ ਡਾਕਟਰ ਹਰਜੀਤ ਸਿੰਘ ਨੇ ਹੀਰਾ ਸਿੰਘ ਦਰਦ ਦੇ ਸਾਹਿਤ ਬਾਰੇ ਵਿਸਤਾਰ ਨਾਲ ਵਿਚਾਰ ਪੇਸ਼ ਕੀਤੇ. ਉਨ੍ਹਾਂ ਨੇ ਕਿਹਾ ਕਿ ਫੁਲਵਾੜੀ ਮੈਗਜ਼ੀਨ ਨੇ ਆਪਣੇ ਸਮੇਂ ਵਿਚ ਵੱਡੇ ਲੇਖਕ ਪੈਦਾ ਕੀਤੇ। ਉਮੀਦ ਹੈ ਕਿ ਪੰਜਾਬੀ ਫੁਲਵਾੜੀ ਵੀ ਨਵੇਂ ਲੇਖਕਾਂ ਨੂੰ ਸਾਹਮਣੇ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਏਗਾ। ਪ੍ਰੋਗਰਾਮ ਦਾ ਸੰਚਾਲਨ ਨਾਟਕਕਾਰ ਅਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਕੀਤਾ।

ਪੰਜਾਬੀ ਫੁਲਵਾੜੀ ਵੱਲੋਂ ਇੰਦਰਜੀਤ ਨੰਦਨ ਅਤੇ ਐਨ ਨਵਰਾਹੀ ਨੇ ਦੱਸਿਆ ਕਿ ਪੋਰਟਲ ਵਿੱਚ ਪੰਜਾਬੀ ਕਲਾ ਅਤੇ ਸਾਹਿਤ ਨਾਲ ਸੰਬੰਧਤ ਸਮੱਗਰੀ ਟੈਕਸਟ, ਆਡੀਓ ਅਤੇ ਵੀਡੀਓ ਤਿੰਨਾਂ ਫਾਰਮੈਟ ਵਿੱਚ ਹੋਵੇਗੀ। ਇਸ ਪੋਰਟਲ ਵਿੱਚ ਉਸਾਰੂ ਰਚਨਾਤਮਕ ਸਾਹਿਤ ਦੇ ਨਾਲ ਨਾਲ ਸਾਹਿਤ ਅਤੇ ਕਲਾ ਬਾਰੇ ਮੁੱਦਿਆਂ ਉਤੇ ਵੀ ਸਮੱਗਰੀ ਪੇਸ਼ ਕੀਤੀ ਜਾਵੇਗੀ। ਇਹ ਇਕ ਵੈਬਸਾਈਟ ਹੀ ਨਹੀਂ ਇਕ ਤਰ੍ਹਾਂ ਦਾ ਪਲੇਟਫਾਰਮ ਹੋਵੇਗਾ। ਜਿਸਦੇ ਮਾਧਿਅਮ ਰਾਹੀਂ ਸਾਹਿਤਕਾਰ ਸਾਹਿਤ ਅਤੇ ਕਲਾ ਦੇ ਵਿਆਪਕ ਪ੍ਰਸਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਤੇ ਹੋਰ ਪਤਵੰਤਿਆਂ ਵਿੱਚ ਮਨਜੀਤ ਇੰਦਰਾ, ਪਾਲੀ ਭੁਪਿੰਦਰ ਸਿੰਘ, ਡਾ. ਹਰਜੀਤ ਸਿੰਘ, ਮਦਨਦੀਪ, ਇੰਦਰਜੀਤ ਨੰਦਨ, ਐੱਨ ਨਵਰਾਹੀ, ਜਗਜੀਵਨ ਰੂਮੀਤ, ਦੀਪ ਨਿਰਮੋਹੀ, ਬਿਕਰਮਜੀਤ ਸਿੰਘ, ਕਿਰਨਦੀਪ ਸਿੰਘ, ਮਾਰਟਿਨ ਹਵਲ, ਰਾਜਿੰਦਰ ਕੌਰ ਅਤੇ ਸੋਸਾਇਟੀ ਰਿਫਾਰਮਰਜ਼ ਦੇ ਅਹੁਦੇਦਾਰ ਸ਼ਾਮਿਲ ਸਨ।

Share This Article
Leave a Comment