ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ `ਚ ਕਾਲੇ ਕਾਨੂੰਨਾਂ ‘ਤੇ ਚਰਚਾ ਨਾ ਕਰਨ ਤੇ ਸੁਖਦੇਵ ਢੀਂਡਸਾ ਵੱਲੋਂ ਵਾਕਆਊਟ

TeamGlobalPunjab
2 Min Read

ਚੰਡੀਗੜ੍ਹ: ਸੰਸਦ ਦੀ ਖੇਤੀਬਾੜੀ ਅਧਾਰਿਤ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਖੇਤੀ ਬਾਰੇ ਕਾਲੇ ਕਾਨੂੰਨਾਂ `ਤੇ ਕੋਈ ਚਰਚਾ ਨਾ ਕਰਨ `ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੀਟਿੰਗ `ਚੋ ਵਾਕਆਊਟ ਕਰ ਦਿੱਤਾ। ਇਸਤੋਂ ਬਾਅਦ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਵਾਕਆਊਟ ਕਰ ਗਏ।

ਮੀਟਿੰਗ ਦੀ ਸ਼ੁਰੂਆਤ ਵਿਚ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦਾ ਮੁੱਦਾ ਚੁੱਕਿਆ ਅਤੇ ਇਸ ਸਬੰਧੀ ਚਰਚਾ ਕਰਨ ਦੀ ਮੰਗ ਕੀਤੀ ਤਾਂ ਕਮੇਟੀ ਦੇ ਚੇਅਰਮੈਨ ਨੇ ਇਸ ਮੁੱਦੇ ਉਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅੱਜ ਦਾ ਏਜੰਡਾ ਸਿਰਫ਼ ਪਸ਼ੂ ਪਾਲਣ `ਤੇ ਅਧਾਰਿਤ ਹੈ। ਇਸ ਕਰਕੇ ਉਹ ਖੇਤੀਬਾੜੀ ਸਬੰਧੀ ਕੋਈ ਚਰਚਾ ਨਹੀ ਕਰਨਗੇ। ਇਸਤੋਂ ਬਾਅਦ ਢੀਂਡਸਾ ਮੀਟਿੰਗ ਚੋਂ ਵਾਕਆਉਟ ਕਰਕੇ ਬਾਹਰ ਆ ਗਏ।

ਇਸ ਮੌਕੇ `ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਕੜਾਕੇ ਦੀ ਇਸ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ `ਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੀ ਸੰਸਦ ਦੀ “ਸਟੈਂਡਿੰਗ ਆਨ ਐਗਰੀਕਲਚਰ ਕਮੇਟੀ” ਵੱਲੋਂ ਇਸ ਅਹਿਮ ਮੁੱਦੇ ਨੂੰ ਛੱਡ ਕੇ ਸਿਰਫ਼ ਪਸ਼ੂ ਪਾਲਣ ਏਜੰਡੇ ਬਾਰੇ ਚਰਚਾ ਕਰਨਾ ਇਨਾ ਮਹੱਤਵਪੁਰਨ ਨਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਾਣਯੋਗ ਸੁਪਰੀਮ ਕੋਰਟ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਕਹਿ ਸਕਦੀ ਹੈ ਤਾਂ ਐਗਰੀਕਲਚਰ ਕਮੇਟੀ ਸਰਕਾਰ `ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਕਿਉਂ ਨਹੀ ਪਾ ਸਕਦੀ?

Share this Article
Leave a comment