ਢੀਂਡਸਾ ਅਤੇ ਬਾਦਲ ਦਲਾਂ ਦੇ ਏਕੇ ਦਾ ਅੜਿੱਕਾ

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਲਾਂ ਵਿਚਕਾਰ ਏਕੇ ਲਈ ਚੱਲ ਰਹੀ ਗੱਲਬਾਤ ਵਿੱਚ ਵੱਡਾ ਅੜਿੱਕਾ ਪੈਦਾ ਹੋ ਗਿਆ ਹੈ। ਬੇਸ਼ੱਕ ਸੁਖਬੀਰ ਬਾਦਲ ਨੇ ਅਕਾਲੀ -ਭਾਜਪਾ ਸਰਕਾਰ ਵੇਲੇ ਹੋਈਆਂ ਵੱਡੀਆਂ ਗਲਤੀਆਂ ਲਈ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਮੁਆਫੀ ਮੰਗ ਲਈ ਹੈ ਪਰ ਸੰਗਤ ਅਤੇ ਸਿੱਖ ਜਥੇਬੰਦੀਆਂ ਸਵਾਲ ਕਰ ਰਹੀਆਂ ਹਨ ਕਿ ਸੁਖਬੀਰ ਬਾਦਲ ਨੇ ਮੁਆਫੀ ਲਈ ਸਿੱਖ ਮਰਿਯਾਦਾ ਅਨੁਸਾਰ ਢੰਗ ਨਹੀਂ ਅਪਣਾਇਆ ਹੈ। ਢੀਂਡਸਾ ਦੇ ਹਮਾਇਤੀ ਵੀ ਇਹ ਹੀ ਸਵਾਲ ਉਠਾ ਰਹੇ ਹਨ।

ਸੁਖਬੀਰ ਬਾਦਲ ਦੀ ਮੁਆਫੀ ਬਾਰੇ ਸਵਾਲ ਕਿਉਂ ਉੱਠੇ ਹਨ? ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਢੀਂਡਸਾ ਵਲੋਂ ਕੁਝ ਦਿਨ ਪਹਿਲ਼ਾਂ ਮੀਟਿੰਗ ਬੁਲਾਈ ਗਈ ਸੀ ਤਾਂ ਮੀਟਿੰਗ ਵਿਚ ਵੀ ਸਵਾਲ ਉੱਠੇ ਸਨ ਕਿ ਸੁਖਬੀਰ ਬਾਦਲ ਨੇ ਆਪ ਹੀ ਮੁਆਫੀ ਮੰਗ ਕੇ ਆਪ ਹੀ ਮੁਆਫੀ ਲੈ ਲਈ। ਇਹ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਬਕਾਇਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖੇ ਅਤੇ ਦੱਸੇ ਕਿ ਕਿਹੜੇ ਮੁੱਦੇ ਲਈ ਮੁਆਫੀ ਮੰਗ ਰਹੇ ਹਨ? ਉਸ ਬਾਅਦ ਜਥੇਦਾਰ ਉਸ ਨੂੰ ਬੁਲਾਉਣਗੇ ਅਤੇ ਆਪਣਾ ਆਦੇਸ਼ ਸੁਣਾਉਣਗੇ। ਉਸ ਬਾਅਦ ਹੀ ਮੁਆਫੀ ਪ੍ਰਵਾਨ ਹੋਵੇਗੀ। ਅਜਿਹੀ ਸਥਿਤੀ ਵਿਚ ਸਯੰਕੁਤ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਦੋਹਾਂ ਪਾਰਟੀਆਂ ਵਿਚ ਏਕੇ ਦੀ ਗੱਲ ਨੇਪਰੇ ਚਾੜਨੀ ਮੁਸ਼ਕਲ ਲਗਦੀ ਹੈ।ਕਈ ਆਗੂ ਤਾਂ ਸੰਯੁਕਤ ਅਕਾਲੀ ਦਲ ਨਾਲ ਬਾਦਲਾਂ ਦੇ ਵਿਰੋਧ ਵਿਚ ਖੜੇ ਸਨ ਤਾਂ ਹੁਣ ਬਦਲੀਆਂ ਪ੍ਰਸਥਿਤੀਆਂ ਵਿੱਚ ਫੈਸਲਾ ਲੈਣਾ ਸੌਖਾ ਨਹੀਂ ਹੈ।

ਅਕਾਲੀ ਨੇਤਾ ਢੀਂਡਸਾ ਨੇ ਵੀ ਇਹ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਲ਼ਾਂ ਦੋਹਾਂ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫਾ ਲੈਣ ਅਤੇ ਪਾਰਟੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ। ਇਸੇ ਤਰਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਬਾਰੇ ਵੀ ਗੱਲਬਾਤ ਹੋਣੀ ਹੈ। ਇਸ ਸਾਰੇ ਮਾਮਲਿਆਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ ਹੈ। ਸੁਖਬੀਰ ਬਾਦਲ ਵਲੋਂ ਆਪਣੇ ਤੌਰ ਤੇ ਹੀ ਮੁਆਫੀ ਮੰਗਣੀ ਅਤੇ ਪ੍ਰਵਾਨ ਕਰ ਲੈਣੀ ਕਿੰਨੀ ਵਾਜਿਬ ਮੰਨੀ ਜਾਵੇਗੀ?

ਅੱਜ ਦਿੱਲੀ ਵਿੱਚ ਮਨਜੀਤ ਸਿੰਘ ਜੀ ਕੇ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੁੜ ਕਿਹਾ ਹੈ ਕਿ ਉਹ ਪਾਰਟੀ ਛੱਡਕੇ ਗਏ ਆਗੂਆਂ ਨੂੰ ਵਾਪਸੀ ਦਾ ਸੱਦਾ ਦਿੰਦੇ ਹਨ ਪਰ ਕੀ ਸੱਦਾ ਦੇਣਾ ਕਾਫੀ ਹੈ ਜਾਂ ਕਈ ਸਵਾਲ ਜਵਾਬ ਮੰਗਦੇ ਹਨ। ਦਿੱਲੀ ਵਿਚ ਜਰੂਰ ਅਕਾਲੀ ਦਲ ਨੂੰ ਜੀ ਕੇ ਕਾਰਨ ਬਲ ਮਿਲੇਗਾ ਪਰ ਕੀ ਇਹ ਪੰਜਾਬ ਵਿਚ ਵੀ ਪਾਰਟੀ ਨੂੰ ਹੁਲਾਰਾ ਦੇਵੇਗਾ? ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਸਪਸ਼ਟ ਹੋਵੇਗੀ।

ਸੰਪਰਕਃ 9814002186

Share This Article
Leave a Comment