Home / ਓਪੀਨੀਅਨ / ਧੰਨੁ ਧੰਨੁ ਰਾਮਦਾਸ ਗੁਰੁ – ਸਿਦਕ ਤੇ ਸੇਵਾ ਦੇ ਪਿੜ ਵਿੱਚ ਸਭ ਤੋਂ ਉੱਚਾ ਨਾਂ

ਧੰਨੁ ਧੰਨੁ ਰਾਮਦਾਸ ਗੁਰੁ – ਸਿਦਕ ਤੇ ਸੇਵਾ ਦੇ ਪਿੜ ਵਿੱਚ ਸਭ ਤੋਂ ਉੱਚਾ ਨਾਂ

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੇ ਉਦਰ ਤੋਂ ਚੂਨਾ ਮੰਡੀ ਲਾਹੌਰ ਵਿਖੇ 25 ਅੱਸੂ ਸੰਮਤ 1591 ਮੁਤਾਬਕ 24 ਸਤੰਬਰ 1534 ਨੂੰ ਹੋਇਆ। ਪੰਜਾਬ ਦੇ ਕੁਝ ਇਲਾਕਿਆਂ ਖ਼ਾਸ ਕਰਕੇ ਮਾਝੇ ਵਿਚ ਪਰਿਵਾਰ ਵਿਚ ਸਭ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚੇ ਨੂੰ ਜੇਠਾ ਕਹਿ ਕੇ ਬੁਲਾਇਆ ਜਾਂਦਾ ਹੈ। ਗੁਰੂ ਜੀ ਦਾ ਨਾਮ ਤਾਂ ਮਾਪਿਆਂ ਨੇ ਰਾਮਦਾਸ ਰੱਖਿਆ ਸੀ ਪਰ ਪਲੇਠਾ ਪੁੱਤਰ ਹੋਣ ਕਰਕੇ ਪਰਿਵਾਰ, ਆਂਢ-ਗੁਆਂਢ ਅਤੇ ਸਾਕ ਸਬੰਧੀ ਇਨ੍ਹਾਂ ਨੂੰ ਜੇਠਾ ਕਹਿ ਕੇ ਹੀ ਬੁਲਾਉਂਦੇ ਸਨ।

(ਗੁਰੂ) ਰਾਮਦਾਸ ਜੀ ਦੀ ਅਜੇ ਬਹੁਤ ਛੋਟੀ ਉਮਰ ਸੀ ਕਿ ਇਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਸੱਤ ਸਾਲ ਦੇ ਹੋਏ ਤਾਂ ਆਪ ਜੀ ਦੇ ਪਿਤਾ ਹਰਦਾਸ ਜੀ ਵੀ ਚੜ੍ਹਾਈ ਕਰ ਗਏ। ਦੁਨਿਆਵੀ ਪੱਖੋਂ ਆਪ ਯਤੀਮ ਹੋ ਗਏ। ਇਸ ਔਖੀ ਘੜੀ ਦਾਦਕਿਆਂ ਵਿਚੋਂ ਕਿਸੇ ਵੀ ਸਾਕ-ਸਬੰਧੀ ਨੇ ਪਾਲਣ-ਪੋਸ਼ਣ ਕਰਨ ਲਈ ਆਪਜੀ ਦੀ ਬਾਂਹ ਨਾ ਫੜੀ। ਆਪਜੀ ਦੀ ਨਾਨੀ ਜੀ ਆ ਕੇ ਇਨ੍ਹਾਂ ਨੂੰ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਗਿੱਲਾਂ ਲੈ ਆਈ। ਜਿਸ ਘਰ ਵਿਚ ਜੰਮੇ ਪਲੇ, ਜਿਨ੍ਹਾਂ ਗਲੀਆਂ ਵਿਚ ਸੱਤ ਸਾਲ ਖੇਡਦੇ ਰਹੇ, ਅੱਜ ਬੱਬੋਲਿਕੀ ਮਨੋ-ਅਵਸਥਾ ਵਿਚ ਉਨ੍ਹਾਂ ਗਲ਼ੀਆਂ ਨੂੰ ਸਦਾ ਵਾਸਤੇ ਛੱਡ ਰਹੇ ਸਨ। ਇਹ ਭਾਵੁਕਤਾ ਭਰਿਆ ਅਤੇ ਦੁੱਖਦਾਈ ਵਕਤ ਉਨ੍ਹਾਂ ਦੀ ਬਾਲ ਚੇਤਨਾ ਉਤੇ ਡੂੰਘਾ ਉੱਕਰਿਆ ਗਿਆ। ਕੁਝ ਸ਼ਰੀਕਾਂ ਨੇ ਹੌਕਾ ਤਾਂ ਭਰਿਆ, ਹਾਣੀਆਂ ਨੇ ਅੱਥਰੂ ਵੀ ਕੇਰੇ, ਪਰ ਕੁਦਰਤ ਦਾ ਅਜਬ ਖੇਲ੍ਹ ਕਿ ਜਿਸ ਬਾਲ ਨੂੰ ਸਾਰਿਆਂ ਨੇ ਨਿਆਸਰਾ ਯਤੀਮ ਸਮਝਿਆ, ਉਨ੍ਹਾ ਦੇ ਸਿਰ ਤੇ ਰੱਬੀ ਛੱਤਰ ਝੁਲਿਆ ਅਤੇ ਵੱਡੇ ਵੱਡੇ ਰਾਜੇ ਮਹਾਰਾਜੇ ਉਨ੍ਹਾਂ ਦੇ ਦਰ ਤੇ ਸਿਰ ਨਿਵਾਂ ਕੇ ਫ਼ਖ਼ਰ ਮਹਿਸੂਸ ਕਰਦੇ ਹਨ।

ਬਾਸਰਕੇ ਗਿੱਲਾਂ (ਗੁਰੂ) ਅਮਰਦਾਸ ਜੀ ਦਾ ਨਗਰ ਹੋਣ ਕਰਕੇ ਉਨ੍ਹਾਂ ਅਤੇ ਸ਼ਰੀਕੇ ਭਾਈਚਾਰੇ ਨੇ ਜੇਠਾ ਜੀ ਅਤੇ ਉਨ੍ਹਾਂ ਦੀ ਨਾਨੀ ਨੂੰ ਧੀਰਜ ਹੌਂਸਲਾ ਦਿੱਤਾ। (ਗੁਰੂ) ਅਮਰਦਾਸ ਜੀ ਦੇ ਕੋਮਲ ਅਤੇ ਰੱਬੀ ਹਿਰਦੇ ਤੇ ਜੇਠਾ ਜੀ ਦੀ ਅਨਾਥ ਅਵਸਥਾ ਨੇ ਗਹਿਰਾ ਅਸਰ ਕੀਤਾ। ਜੇਠਾ ਜੀ ਜਦ ਵੀ ( ਗੁਰੂ) ਅਮਰਦਾਸ ਜੀ ਦੇ ਸਨਮੁੱਖ ਆਉਂਦੇ ਤਾਂ ਉਹ ਮੋਹ-ਪਿਆਰ ਅਤੇ ਸਨੇਹ ਨਾਲ ਗੱਲ਼ ਲਾਉਂਦੇ, ਸਿਰ ਪਲੋਸਦੇ ਅਤੇ ਮਿੱਠੇ ਪਿਆਰੇ ਬੋਲਾਂ ਸਹਿਤ ਲਾਡ ਕਰਦੇ। ਦਿਨੋ-ਦਿਨ ਦੋਹਾਂ ਨੂਰੀ ਰੂਹਾਂ ਵਿੱਚ ਨੇੜਤਾ ਦੀਆਂ ਗੰਢਾਂ ਪੀਡੀਆਂ ਹੁੰਦੀਆਂ ਗਈਆਂ। ਨਾਨੀ ਵੀ ਸੌਖੇ ਗੁਜ਼ਰ-ਬਸਰ ਵਾਲੀ ਨਹੀਂ ਸੀ।ਨਾਨੀ ਪਾਸ ਪੰਜ ਸਾਲ ਦੇ ਟਿਕਾਅ ਦੌਰਾਨ ਆਪਜੀ ਘੁੰਗਣੀਆਂ ਵੇਚਦੇ ਰਹੇ।

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਦੀ ਸ਼ਾਦੀ, (ਗੁਰੂ) ਅਮਰਦਾਸ ਜੀ ਦੇ ਭਤੀਜੇ ਨਾਲ ਪਿੰਡ ਬਾਸਰਕੇ ਗਿੱਲਾਂ ਵਿਖੇ ਹੋਈ ਸੀ। ਬੀਬੀ ਜੀ ਨਿੱਤਨੇਮੀ ਸਨ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਦਹੀਂ ਰਿੜਕਣ ਵੇਲੇ ਕੰਠ ਗੁਰਬਾਣੀ ਦਾ ਪਾਠ ਕਰਦੇ ਸਨ।ਇਕ ਦਿਨ ਅੰਮਿ੍ਤ ਵੇਲੇ ,(ਗੁਰੂ) ਅਮਰਦਾਸ ਜੀ ਨੇ ਬੀਬੀ ਅਮਰੋ ਜੀ ਦੀ ਰਸਨਾ ਤੋਂ ਗੁਰਬਾਣੀ ਦਾ ਪਾਠ “ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ”..………( ਮਾਰੂ ਮਹਲਾ ਪਹਿਲਾ) ਸਰਵਣ ਕੀਤਾ। ਗੁਰਬਾਣੀ ਪਾਠ ਸਰਵਣ ਕਰਨ ਦੇ ਫਲਸਰੂਪ ਹਿਰਦੇ ਵਿਚ ਉਪਜੇ ਸ਼ਾਂਤੀ – ਸਕੂਨ ਵਿਚ ਲਿਵਲੀਨ (ਗੁਰੂ) ਅਮਰਦਾਸ ਜੀ ਬੀਬੀ ਅਮਰੋ ਸੰਗ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਗਏ। ਗੁਰੂ – ਸੰਗਤ ਤੋਂ ਉਪਜੇ ਆਤਮਿਕ ਰਸ ਸਦਕਾ ਅਨੂਠਾ ਅੰਤਰੀਵ ਪ੍ਰੇਮ ਜਾਗਿਆ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਭੌਰੇ ਹੋ ਗਏ। ਖਡੂਰ ਤੋਂ ਬਾਸਰਕੇ ਜਦੋਂ ਪੰਜੀਂ ਸੱਤੀਂ ਦਿਨ ਆਉਂਦੇ ਤਾਂ ਉਹ ਜੇਠਾ ਜੀ ਨੂੰ ਜ਼ਰੂਰ ਮਿਲਦੇ। ਜੇਠਾ ਜੀ ਨੂੰ ਲਾਹੌਰ ਸਦਾ ਲਈ ਵਿਛੜੇ ਆਪਣੇ ਪਿਤਾ ਹਰਦਾਸ ਜੀ ਦੀ ਛੋਹ-ਪਿਆਰ ਦਾ ਨਿੱਘ ਹੁਣ (ਗੁਰੂ) ਅਮਰਦਾਸ ਜੀ ਤੋਂ ਪਾ੍ਪਤ ਹੋਣ ਲੱਗ ਪਿਆ। ਜੇਠਾ ਜੀ ਵੀ (ਗੁਰੂ) ਅਮਰਦਾਸ ਜੀ ਦੇ ਨਾਲ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣ ਲੱਗ ਪਏ।ਫਲਸਰੂਪ ਬਾਲ ਉਮਰ ਤੋਂ ਹੀ ਸਤਸੰਗ ਦੀ ਰੁਹਾਨੀਂ ਰੰਗਤ ਚੜ੍ਹਨ ਲੱਗ ਪਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ (ਸ੍ਰੀ ਗੁਰੂ) ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਅਤੇ ਹੋਰ ਗੁਰਸਿੱਖਾਂ ਨੂੰ ਨਾਲ ਲੈਕੇ ਗੋਇੰਦਵਾਲ ਨਗਰ ਦੀ ਨੀਂਹ ਰੱਖੀ। ਸੰਗਤ ਦੀ ਪਾਣੀ ਦੀ ਲੋੜ ਪੂਰਤੀ ਲਈ (ਗੁਰੂ) ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਉਸਾਰੀ ਦੀ ਸੇਵਾ ਸ਼ੁਰੂ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਅਮਰਦਾਸ ਜੀ ਦੀ ਸੇਵਾ ਅਤੇ ਉਨ੍ਹਾਂ ਦੇ ਗੁਰਸਿੱਖੀ ਜੀਵਨ ਤੋਂ ਪ੍ਰਸੰਨ ਹੋ ਕੇ ਚੇਤਰ ਸੁਦੀ ਚਾਰ ਸੰਮਤ 1609 ਮੁਤਾਬਕ 29 ਮਾਰਚ ਸੰਨ 1552 ਵਾਲੇ ਦਿਨ ਸਤਿਗੁਰ ਨਾਨਕ ਦੇਵ ਜੀ ਪਾਸੋਂ ਮਿਲੀ ਜ਼ਿਮੇਵਾਰੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਉਣ ਲਈ ਜੇਠਾ ਜੀ, ਉਨ੍ਹਾਂ ਦੀ ਨਾਨੀ ਜੀ ਅਤੇ ਬਾਸਰਕੇ ਗਿੱਲਾਂ ਦੇ ਹੋਰ ਪਰਿਵਾਰਾਂ ਨੂੰ ਗੋਇੰਦਵਾਲ ਵਿਖੇ ਵਸਾਇਆ। ਇਥੇ ਆ ਕੇ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਦੀ ਰੋਜ਼ਾਨਾ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ। ਜੇਠਾ ਜੀ ਆਪਣੇ ਗੁਜਰ- ਬਸਰ ਲਈ ਘੁੰਗਣੀਆ ਵੇਚਣ ਦੇ ਨਾਲ ਨਾਲ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਚੁੱਕ ਕੇ ਬਾਉਲੀ ਦੀ ਸੇਵਾ ਕਰਦੇ, ਸੰਗਤਾਂ ਨੂੰ ਲੰਗਰ ਛਕਾਉਂਦੇ ਅਤੇ ਢੁਕਵੇਂ ਸਮੇਂ ਗੁਰਬਾਣੀ ਪੜ੍ਹਨ ਲਿਖਣ ਦੀ ਸੰਥਿਆ ਲੈਂਦੇ। ਦਰਿਆ ਬਿਆਸ ਦੇ ਕਿਨਾਰੇ ਦੀ ਸੁਹਾਵੀ ਫਿਜ਼ਾ,ਗੁਰਬਾਣੀ ਗਾਇਨ ਕਰਨ ਦੇ ਰੁਹਾਨੀਂ ਅਨੰਦ ਅਤੇ ਰਾਗ ਦੇ ਸ਼ੌਕ ਨੇ ਇਨ੍ਹਾਂ ਦੇ ਅੰਤਰੀਵ ਗੁਣਾਂ-ਹੁਨਰਾਂ ਨੂੰ ਪਲਰਨ ਲਈ ਯੋਗ ਸਮਾਂ ਅਤੇ ਹਾਲਾਤ ਮੁਹੱਈਆ ਕੀਤੇ। ਗੁਰੂ ਅਮਰਦਾਸ ਜੀ ਨੇ ਬਾਰਾਂ ਸਾਲ ਦੇ ਲਗਭਗ ਜੇਠਾ ਜੀ ਨੂੰ ਆਪਣੇ ਧਿਆਨ ਵਿੱਚ ਰੱਖਿਆ, ਉਨ੍ਹਾਂ ਨੂੰ ਸਭ ਗੁਣਾਂ ਦਾ ਧਾਰਨੀ ਅਤੇ ਯੋਗ ਪਾਇਆ। ਗੁਰਗੱਦੀ ਸਾਂਭਣ ਤੋਂ ਅਗਲੇ ਸਾਲ ਆਪਣੀ ਸਪੁੱਤਰੀ ਬੀਬੀ ਭਾਨੀ ਦੀ ਸ਼ਾਦੀ 22 ਫੱਗਣ ਸੰਮਤ 1620 ਨੂੰ ਜੇਠਾ ਜੀ ਨਾਲ ਕਰ ਦਿੱਤੀ। ਗੋਇੰਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਨੇ “ਪਹਿਲੇ ਪੰਗਤ ਪਾਛੈ ਸੰਗਤ’ ਦੀ ਪ੍ਰਥਾ ਚਲਾਈ।ਸਤੀ ਹੋਣ ਦੀ ਰਸਮ ਅਤੇ ਵਿਧਵਾ ਵਿਆਹ ਪ੍ਰਤੀ ਭਰਮ-ਜਾਲ ਤੋੜਿਆ। ਗੁਰੂ ਜੀ ਰਚਿਤ ਬਾਣੀ “ਆਨੰਦ ਸਾਹਿਬ” ਦਾ ਪਾਠ ਹਰੇਕ ਧਾਰਮਿਕ ਮਰਿਆਦਾ ਵਿਚ ਉਚਾਰਿਆ ਜਾਂਦਾ ਹੈ।

ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਰਾਮਦਾਸ ਜੀ ਦੀ ਘਾਲ ਪੂਰਨ ਹੋਈ ਦੇਖੀ ਅਤੇ ਆਪਣਾ ਦੇਹਾਂਤ ਨੇੜੇ ਜਾਣ ਕੇ ਭਾਦਰੋਂ ਸੁਦੀ 13 ਸੰਮਤ 1631( ਸੰਨ 1574 )ਨੂੰ ਸਾਰੀ ਸੰਗਤ ਅਤੇ ਆਪਣੇ ਪਰਿਵਾਰ ਸਾਹਮਣੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਤਿਲਕ ਲਗਵਾ ਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਦਿੱਤਾ। ਗੁਰਿਆਈ ਰਸਮ ਸਮੇਂ ਜਦੋਂ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਚੌਂਕੀ ਉਤੇ ਬਿਠਾਇਆ ਅਤੇ ਮੱਥਾ ਟੇਕਿਆ ਤਾਂ ਉਨ੍ਹਾਂ ਨੂੰ ਬਚਪਨ ਦਾ ਉਹ ਸਮਾਂ ਯਾਦ ਆ ਗਿਆ ਜਦੋਂ ਯਤੀਮ ਤੇ ਨਿਆਸਰਾ ਹੋ ਕੇ ਆਪਣੀ ਨਾਨੀ ਜੀ ਦੀ ਉਂਗਲ ਫੜ ਕੇ ਲਾਹੌਰੋਂ ਅੱਖਾਂ ਵਿਚ ਗਲੇਡੂ ਅਤੇ ਬਬੋਲਿਕੀ ਅਵਸਥਾ ਵਿਚ ਨਿਕਲੇ ਸਨ। ਮਨ ਦੀ ਵੈਰਾਗਮਈ ਉਸ ਹਾਲਤ ਨੂੰ ਆਪਜੀ ਨੇ ਫਿਰ ਆਪਣੀ ਰਚੀ ਬਾਣੀ ਵਿਚ ਉਚਾਰਿਆ :

“ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ।। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।..

ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਮਟਾਲਾ, ਤੁੰਗ ਅਤੇ ਸੁਲਤਾਨਵਿੰਡ ਪਿੰਡਾਂ ਪਾਸ ਸੰਮਤ 1631ਵਿਚ “ਗੁਰੂ ਦਾ ਚੱਕ”ਨਾਮੀਂ ਪਿੰਡ ਬੰਨ੍ਹਿਆ ਅਤੇ ਰਹਿਣ ਲਈ ਮਕਾਨ ਬਣਵਾਏ ਜੋ ਗੁਰਦੁਆਰਾ “ਗੁਰੂ ਕੇ ਮਹਿਲ ” ਵਜੋਂ ਸੁਭਾਇਮਾਨ ਹਨ। ਗੁਰੂ ਕੇ ਮਹਿਲ ਦੇ ਚੜ੍ਹਦੇ ਪਾਸੇ ਦੁਖਭੰਜਨੀ ਬੇਰੀ ਪਾਸ ਸੰਮਤ 1634 ਵਿਚ ਅੰਮਿ੍ਤ ਸਰੋਵਰ ਖੁਦਵਾਉਣ ਦੀ ਸੇਵਾ ਆਰੰਭ ਕੀਤੀ । ਜਦੋਂ ਗੁਰੂ-ਚੱਕ ਵਿਚ ਸਰੋਵਰ ਬਣਨਾ ਸ਼ੁਰੂ ਹੋਇਆ, ਉਦੋਂ ਗੁਰੂ ਰਾਮਦਾਸ ਜੀ ਦੇ ਬੇਅੰਤ ਰੁਝੇਵੇਂ ਸਨ। ਬਾਹਰੋਂ ਪਹੁੰਚੀ ਸੰਗਤ ਨੂੰ ਦੋਵੇਂ ਵਕਤ ਗੁਰਮਤਿ ਦਾ ਉਪਦੇਸ਼, ਉਨ੍ਹਾਂ ਦੀ ਰਹਾਇਸ਼ ਅਤੇ ਲੰਗਰ ਦਾ ਪ੍ਰਬੰਧ,ਚੂਨੇ, ਇੱਟਾਂ ਮਸਾਲੇ ਆਦਿ ਦਾ ਪ੍ਰਬੰਧ, ਲੰਗਰ ਦੀ ਰਸਦ ਦਾ ਪ੍ਰਬੰਧ ਆਦਿ। ਇਤਨੇ ਰੁਝੇਵਿਆਂ ਦੇ ਬਾਵਜੂਦ ਗੁਰੂ ਰਾਮਦਾਸ ਜੀ ਸਮਾਂ ਮਿਲਣ ਤੇ ਖ਼ੁਦ ਟੋਕਰੀ ਫੜ੍ਹ ਕੇ ਮਿੱਟੀ, ਚੂਨੇ , ਇੱਟਾਂ ਸਮੇਤ ਸਭ ਤਰ੍ਹਾਂ ਦੀ ਸੇਵਾ ਕਰਦੇ ਸਨ।

ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿਚ ਚਾਰ ਪਉੜੀਆਂ ਵਾਲੇ ਛੰਤ ਦੀ ਰਚਨਾ ਕੀਤੀ,ਜੋ ਹਰ ਗੁਰਸਿੱਖ ਦੇ ਅਨੰਦ ਕਾਰਜ ਦੀਆਂ ਲਾਵਾਂ ਸਮੇਂ ਗ੍ਰੰਥੀ ਸਿੰਘ ਉਚਾਰਦੇ ਹਨ।

ਗੁਰੂ ਰਾਮਦਾਸ ਜੀ ਦਾ ਹਿਰਦਾ ਨਿਮਰਤਾ, ਹਲੀਮੀ ਸਦਗੁਣਾਂ ਨਾਲ ਭਰਪੂਰ ਸੀ। ਇੱਕ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਬਾਰਠ ਸਾਹਿਬ ( ਜ਼ਿਲ੍ਹਾ ਗੁਰਦਾਸਪੁਰ)ਤੋਂ ਆਪਜੀ ਦੇ ਦਰਸ਼ਨ ਕਰਨ ਆਏ। ਗੁਰੂ ਰਾਮਦਾਸ ਜੀ ਬਾਬਾ ਜੀ ਨੂੰ ਅੱਗੇ ਹੋ ਕੇ ਲੈਣ ਲਈ ਗਏ। ਬਾਬਾ ਜੀ ਸੱਤਰ ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗ ਸਨ। ਸਤਿਗੁਰਾਂ ਨੇ ਆਪਣੇ ਹੱਥੀਂ ਉਨ੍ਹਾਂ ਦੇ ਚਰਨ ਧੋ ਕੇ ਦਬਾਏ ਅਤੇ ਲੱਤਾਂ ਘੁੱਟੀਆਂ। ਗੁਰਦੇਵ ਜੀ ਦੀ ਕਾਫੀ ਲੰਮੀ ਦਾਹੜੀ ਨੂੰ ਵੇਖ ਕੇ ਬਾਬਾ ਜੀ ਨੇ ਪੁੱਛਿਆ-ਇਹ ਦਾਹੜੀ ਤੁਸਾਂ ਏਨੀ ਲੰਮੀ ਕਿਸ ਲਈ ਵਧਾਈ ਹੈ? ਨਿਮਰਤਾ ਦੇ ਪੁੰਜ ਸਤਿਗੁਰਾਂ ਹਲੀਮੀ ਨਾਲ ਉੱਤਰ ਦਿੱਤਾ ਕਿ ਆਪਜੀ ਵਰਗੇ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਝਾੜ੍ਹਨ ਲਈ। ਇਹ ਕਹਿ ਕੇ ਸਤਿਗੁਰ ਆਪਣੀ ਦਾਹੜੀ ਨਾਲ ਬਾਬਾ ਜੀ ਦੇ ਪੈਰ ਪੂੰਝਣ ਲੱਗ ਪਏ।

ਗੁਰੂ ਰਾਮਦਾਸ ਜੀ ਦੇ ਘਰ ਤਿੰਨ ਸਪੁੱਤਰ-ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂ ਦੇਵ ਜੀ ਅਤੇ , (ਗੁਰੂ )ਅਰਜਨ ਸਾਹਿਬ ਜੀ ਪੈਦਾ ਹੋਏ। ਬਾਬਾ ਪ੍ਰਿਥੀ ਚੰਦ ਜੀ ਦੁਨਿਆਵੀ ਪ੍ਰਬੰਧ ਦੇ ਕੰਮਾਂ ਵਿੱਚ ਹੁਸ਼ਿਆਰ ਸਨ ਅਤੇ ਬਾਬਾ ਮਹਾਂਦੇਵ ਜੀ ਮਸਤ ਫ਼ਕੀਰ ਸਨ। (ਗੁਰੂ) ਅਰਜਨ ਦੇਵ ਜੀ ਗੁਰੂ ਘਰ ਦੀ ਸੇਵਾ ਵਿਚ ਰੁੱਝੇ ਰਹਿੰਦੇ ਸਨ, ਹਿਰਦਾ ਬਾਣੀ ਦੇ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਪਿਤਾ-ਸਤਿਗੁਰਾਂ ਦੀ ਆਗਿਆ ਅਨੁਸਾਰ ਸਾਕ ਸਬੰਧੀਆਂ ਦੇ ਦੁਖ ਸੁਖ ਵਿਚ ਸ਼ਾਮਿਲ ਹੁੰਦੇ ਸਨ। ਗੁਰੂ ਰਾਮਦਾਸ ਜੀ ਨੇ ਇਹ ਨਿਰਣਾ ਕਰ ਲਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਅੱਗੇ ਚਲਾਉਣ ਲਈ ( ਗੁਰੂ), ਅਰਜਨ ਦੇਵ ਜੀ ਹੀ ਸਰਬ ਗੁਣ ਸੰਪੂਰਨ ਹਨ। ਆਪਣਾ ਦਿਹਾਂਤ ਨੇੜੇ ਜਾਣਕੇ ਸੰਮਤ 1638 ਦੇ ਭਾਦਰੋਂ ਮਹੀਨੇ (ਅਗਸਤ ਸੰਨ1582) ਨੂੰ ਗੁਰੂ ਰਾਮਦਾਸ ਜੀ ਨੂੰ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਤਿਲਕ ਲਗਾ ਕੇ ਆਪ ਮੱਥਾ ਟੇਕਿਆ ਅਤੇ ਸੰਗਤ ਨੂੰ ਵੀ ਇਹੀ ਆਗਿਆ ਕੀਤੀ। ਬਾਬਾ ਪ੍ਰਿਥੀ ਚੰਦ ਵੱਲੋਂ ਸਹਿਮਤ ਨਾ ਹੋਣ ਕਾਰਨ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ ਅਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਆਪਣੇ ਨਾਲ ਲੈ ਗਏ। ਕੁਝ ਦਿਨ ਗੋਇੰਦਵਾਲ ਸਾਹਿਬ ਵਿਖੇ ਰਹਿਣ ਪਿੱਛੋਂ ਗੁਰੂ ਰਾਮਦਾਸ ਜੀ 2 ਅੱਸੂ ਸੰਮਤ 1638 ਮੁਤਾਬਕ ਪਹਿਲੀ ਸਤੰਬਰ ਸੰਨ 1581ਨੂੰ ਜੋਤੀ ਜੋਤਿ ਸਮਾ ਗਏ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਵਾਪਿਸ ਗੁਰੂ ਦੇ ਚੱਕ ਆ ਗਏ ਤੇ ਪਿਤਾ ਗੁਰਦੇਵ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਸੰਪੂਰਨ ਕਰਨਾ ਸ਼ੁਰੂ ਕਰ ਦਿੱਤਾ। ਸੰਤੋਖਸਰ ਸਰੋਵਰ ਦੀ ਖੁਦਵਾਈ, ਅੰਮਿ੍ਤ ਸਰੋਵਰ ਦੀ ਉਸਾਰੀ ਦੀ ਸੰਪੂਰਨਤਾ, ਅੰਮਿ੍ਤ ਸਰੋਵਰ ਵਿਚਕਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ-ਕਾਲ ਵਿਚ ਹੋਇਆ।

ਗੁਰੂ ਗ੍ਰੰਥ ਸਾਹਿਬ ਵਿੱਚ ਸਤੇ ਬਲਵੰਡ ਦੀ ਵਾਰ ਅਤੇ ਭੱਟ ਸਾਹਿਬਾਨ ਦੁਆਰਾ ਰਚਿਤ ਸਵਈਏ ਮਹਲੇ ਚਉਥੇ ਕੇ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਮਹਿਮਾ ਦਰਜ਼ ਹੈ। ਤੋਸੀਫੋ਼ ਸਨਾ ਭਾਈ ਨੰਦ ਲਾਲ ਵਿਚ ਸਤਿਗੁਰਾਂ ਦੀ ਅਨੂਠੀ ਮਹਿਮਾ ਹੈ: ਗੁਰੂ ਰਾਮਦਾਸ ਆਂ ਮਤਾਅ ਉਲਵਰਾ।। ਜਹਾਂਬਾਨਿ ਅਕਲੀਮਿ ਸਿਦਕੋ ਸਫ਼ਾ।। (ਅਰਥਾਤ ਗੁਰੂ ਰਾਮਦਾਸ ਸਾਰੀ ਖ਼ਲਕਤ ਦਾ ਗੁਰੂ ਹੈ ਅਤੇ ਸਿਦਕ ਤੇ ਸੇਵਾ ਦੇ ਪਿੜ ਵਿੱਚ ਸਭ ਤੋਂ ਉੱਚਾ ਹੈ)

ਸੰਪਰਕ: 98158-40755

Check Also

ਸ਼ਬਦ ਵਿਚਾਰ -110 ਜਪੁਜੀ ਸਾਹਿਬ – ਪਉੜੀ 34- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 110  ਜਪੁਜੀ ਸਾਹਿਬ – ਪਉੜੀ 34 ਡਾ. ਗੁਰਦੇਵ ਸਿੰਘ* ਸੰਸਾਰ ਵਿੱਚ ਮਨੁੱਖ …

Leave a Reply

Your email address will not be published. Required fields are marked *