ਲੁਧਿਆਣਾ: ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਪਹੁੰਚ ਕੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਫੀਡਬੈਕ ਲਿਆ ਅਤੇ ਭਵਿੱਖ ਵਿੱਚ ਅਪਰਾਧ ਨੂੰ ਕਾਬੂ ਕਰਨ ਬਾਰੇ ਗੱਲਬਾਤ ਕੀਤੀ। ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਮਹਿਕਮੇ ਵਿਚ ਬਹੁਤ ਛੇਤੀ 10 ਹਜ਼ਾਰ ਨਵੀਂ ਭਰਤੀ ਹੋਣ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਡੀਜੀਪੀ ਨੇ ਦੱਸਿਆ ਕਿ ਅੱਜ 14 ਨਵੀਆਂ ਪੀਸੀਆਰ ਗੱਡੀਆਂ ਲੁਧਿਆਣਾ ਲਈ ਰਵਾਨਾ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਵਾਹਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਵੀ ਦਿੱਤੇ ਜਾਣਗੇ।
ਡੀਜੀਪੀ ਨੇ ਉਦਯੋਗਪਤੀਆਂ ਨਾਲ ਵਾਅਦਾ ਕਰਦਿਆਂ ਕਿਹਾ, “ਲੁਧਿਆਣਾ ਇੱਕ ਉਦਯੋਗਿਕ ਧੁਰਾ ਹੈ, ਅਸੀਂ ਇਸਨੂੰ ਰਾਜ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਲਈ ਬਿਹਤਰ ਕਾਨੂੰਨ ਅਤੇ ਵਿਵਸਥਾ ਦੇਣਾ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਦੇ ਸੁਧਾਰ ਵੇਖੋਗੇ’’। ”
ਡੀਜੀਪੀ ਗੌਰਵ ਯਾਦਵ ਅੱਜ ਇੱਥੇ ਲੁਧਿਆਣਾ ਵਿਖੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ.ਐਸ.ਆਰ.) ਫੰਡਿੰਗ ਰਾਹੀਂ ਸਿਟੀ ਪੀ.ਸੀ.ਆਰ. (ਪੁਲਿਸ ਕੰਟਰੋਲ ਰੂਮ) ਵਿੱਚ ਸ਼ਾਮਲ ਕੀਤੇ ਗਏ 14 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇਣ ਅਤੇ ਪੁਲੀਸ ਲਾਈਨਜ਼ ਲੁਧਿਆਣਾ ਵਿਖੇ ਮੁਰੰਮਤ ਕੀਤੇ ਗਜ਼ਟਿਡ ਅਫਸਰਜ਼ (ਜੀਓ) ਮੈਸ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ,“ਇਨ੍ਹਾਂ ਨਵੇਂ 14 ਵਾਹਨਾਂ ਦੇ ਨਾਲ, ਪੀ.ਸੀ.ਆਰ. ਫਲੀਟ ਦੀ ਕੁੱਲ ਸਮਰੱਥਾ ਵਧ ਕੇ 71 ਹੋ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਸਿੱਧੀ ਫੀਡਬੈਕ ਲਈ। ਉਨ੍ਹਾਂ ਨੇ ਉਦਯੋਗਪਤੀਆਂ ਦੇ ਬਹੁਤੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਪੁਲਿਸ ਨਫ਼ਰੀ ਦੀ ਘਾਟ, ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਮੀ, ਵੱਡੇ ਖਤਰੇ ਵਜੋਂ ਉਭਰ ਰਹੇ ਸਾਈਬਰ ਅਪਰਾਧ ਤੇ ਧੋਖਾਧੜੀ, ਟਰੈਫਿਕ ਜਾਮ, ਰਾਤ ਦੀ ਸੁਰੱਖਿਆ ਆਦਿ ਸ਼ਾਮਲ ਸਨ। ਇਸ ਮੌਕੇ ਡੀ.ਜੀ.ਪੀ. ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਅਤੇ ਪੁਲਿਸ ਲੁਧਿਆਣਾ ਰੇਂਜ ਦੀ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਧਨਪ੍ਰੀਤ ਕੌਰ ਵੀ ਸ਼ਾਮਲ ਸਨ।
ਉਨ੍ਹਾਂ ਕਿਹਾ, “ਮੈਂ ਤੁਹਾਨੂੰ (ਉਦਯੋਗਪਤੀਆਂ) ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਐਲਾਨੀਆਂ ਗਈਆਂ 10000 ਨਵੀਆਂ ਅਸਾਮੀਆਂ ਵਿੱਚੋਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਉਸਦਾ ਬਣਦਾ ਹਿੱਸਾ ਜ਼ਰੂਰ ਮਿਲੇਗਾ।” ਉਨ੍ਹਾਂ ਨੇ ਸੀ.ਪੀ. ਲੁਧਿਆਣਾ ਕੁਲਦੀਪ ਚਾਹਲ ਨੂੰ, ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਵਿੰਗ ਦੀ ਸਮਰੱਥਾ ਵਧਾਉਣ ਲਈ ਅਸਥਾਈ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।