Home / News / ਧਮਕੀਆਂ ਦੇ ਬਾਵਜੂਦ ਵੀ ਸਰਕਾਰ ਪਟਿਆਲਾ ਦੇ ਮੇਅਰ ਨੂੰ ਨਹੀਂ ਹਟਾ ਸਕੀ : ਕੈਪਟਨ ਅਮਰਿੰਦਰ ਸਿੰਘ

ਧਮਕੀਆਂ ਦੇ ਬਾਵਜੂਦ ਵੀ ਸਰਕਾਰ ਪਟਿਆਲਾ ਦੇ ਮੇਅਰ ਨੂੰ ਨਹੀਂ ਹਟਾ ਸਕੀ : ਕੈਪਟਨ ਅਮਰਿੰਦਰ ਸਿੰਘ

ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਪਰਾਧਿਕ ਧਮਕੀਆਂ ਅਤੇ ਕੌਂਸਲਰਾਂ ਦੀ ਖਿੱਚ-ਧੂਹ ਦੇ ਬਾਵਜੂਦ ਸੂਬਾ ਸਰਕਾਰ ਮੇਅਰ ਸੰਜੀਵ ਸ਼ਰਮਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਨਹੀਂ ਕਰ ਸਕੀ।

ਰਾਜ ਸਰਕਾਰ ਵੱਲੋਂ ਸਿਰਫ਼ ਮੇਅਰ ਨੂੰ ਹਟਾਉਣ ਲਈ ਸਰਕਾਰੀ ਮਸ਼ੀਨਰੀ ਦੀ ਬੇਰਹਿਮੀ ਨਾਲ ਵਰਤੋਂ ਕਰਨ ਦੀ ਨਿਖੇਧੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਅੰਨ੍ਹੇਵਾਹ ਪਾਲਣਾ ਕਰਨ ਤੋਂ ਸੁਚੇਤ ਕਰਦਿਆਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਜਵਾਬਦੇਹ ਹੋਣਗੇ।

   

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਅਰ ਨੂੰ ਹਟਾਉਣ ਲਈ ਬੇਭਰੋਸਗੀ ਮਤਾ ਪਾਸ ਕਰਨ ਲਈ ਮਤੇ ਦੇ ਖਿਲਾਫ ਦੋ ਤਿਹਾਈ ਹਮਾਇਤ ਹੋਣੀ ਚਾਹੀਦੀ ਹੈ। “ਇਹ ਜਾਣਨ ਦੇ ਬਾਵਜੂਦ ਕਿ ਉਨ੍ਹਾਂ ਕੋਲ ਗਿਣਤੀ ਦੀ ਘਾਟ ਹੈ, ਉਨ੍ਹਾਂ ਨੇ ਮੇਅਰ ਨੂੰ ਜ਼ਬਰਦਸਤੀ ਅਤੇ ਗੈਰ-ਕਾਨੂੰਨੀ ਢੰਗ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ।”

ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ, ਇੱਕ ਮੇਅਰ ਨੂੰ ਸਧਾਰਨ ਬਹੁਮਤ ਨਾਲ ਨਹੀਂ ਹਟਾਇਆ ਜਾ ਸਕਦਾ।

ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਕੌਂਸਲਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਸਰਕਾਰ ਵੱਲੋਂ ਅਪਰਾਧਿਕ ਧਮਕੀਆਂ ਦੇ ਬਾਵਜੂਦ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ।

ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸਰਕਾਰ, ਜੋ ਕਿ ਪਹਿਲਾਂ ਹੀ ਚੋਣ ਜ਼ਾਬਤਾ ਦੇ ਆਖ਼ਰੀ ਪੜਾਅ ‘ਤੇ ਸੀ, ਇੱਕ ਕਾਨੂੰਨੀ ਤੌਰ ‘ਤੇ ਚੁਣੇ ਗਏ ਮੇਅਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਟਾਉਣ ਲਈ ਪੁਲਿਸ ਸਮੇਤ ਰਾਜ ਮਸ਼ੀਨਰੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੈਪਟਨ ਅਮਰਿੰਦਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰ ਦੀ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਉਪਲਬਧ ਸਾਰੇ ਕਾਨੂੰਨੀ ਅਤੇ ਸੰਵਿਧਾਨਕ ਸਾਧਨਾਂ ਦੀ ਵਰਤੋਂ ਕਰਨਗੇ।

ਕੈਪਟਨ ਨੇ ਅਧਿਕਾਰੀਆਂ ਨੂੰ ਸਾਵਧਾਨੀ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਰ ਚੀਜ਼ ਕੈਮਰਿਆਂ ਵਿੱਚ ਰਿਕਾਰਡ ਹੋ ਰਹੀ ਹੈ, ਉਨ੍ਹਾਂ ਨੂੰ ਅਦਾਲਤ ਵਿੱਚ ਜਵਾਬਦੇਹ ਬਣਾਇਆ ਜਾਵੇਗਾ।

ਉਨ੍ਹਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ “ਇਹ ਸਰਕਾਰ ਸਿਰਫ ਕੁਝ ਹਫ਼ਤੇ ਹੋਰ ਲਈ ਹੈ, ਪਰ ਤੁਹਾਡਾ ਕਰੀਅਰ ਅੱਗੇ ਲੰਬਾ ਹੈ। ਇਸ ਲਈ ਕਾਨੂੰਨ ਦੇ ਕਹਿਰ ਅਤੇ ਸਖ਼ਤੀਆਂ ਨੂੰ ਸੱਦਾ ਨਾ ਦਿਓ ਅਤੇ ਆਪਣੇ ਕਰੀਅਰ ਨੂੰ ਖਰਾਬ ਨਾ ਕਰੋ ।”

Check Also

ਡੱਗ ਫੋਰਡ ਨੇ ਓਟਾਵਾ ਨੂੰ ਨਵੇਂ ਕੋਵਿਡ ਵੈਰੀਏਂਟ ਨਾਲ ਜੁੜੇ ਦੇਸ਼ਾਂ ਦੀਆਂ ਫਲਾਈਟਾਂ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਕੀਤੀ ਮੰਗ

ਟੋਰਾਂਟੋ : ਅਫਰੀਕਾ ‘ਚ ਲੱਭੇ ਗਏ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਮੁੜ ਤੋਂ ਕਈ ਮੁਲਕਾਂ …

Leave a Reply

Your email address will not be published. Required fields are marked *