ਬ੍ਰਿਟੇਨ- ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਬੇਸ਼ੱਕ ਬ੍ਰਿਟੇਨ ਵਿੱਚ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਲਗਾਏ ਗਏ ਲੌਕਡਾਊਨ ਦੌਰਾਨ ਪਾਰਟੀਆਂ ਦੇ ਆਯੋਜਨ ਲਈ ਮੁਆਫੀ ਮੰਗ ਲਈ ਹੈ, ਪਰ ਉਨ੍ਹਾਂ ਦੀਆਂ ਮੁਸੀਬਤਾਂ ਅਜੇ ਵੀ ਖਤਮ ਨਹੀਂ ਹੋਈਆਂ ਹਨ। ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਜੌਹਨਸਨ ਅਤੇ ਡਾਉਨਿੰਗ ਸਟ੍ਰੀਟ ਦੇ ਕਰਮਚਾਰੀਆਂ ਦੁਆਰਾ ਮੇਜ਼ਬਾਨੀ ਕੀਤੀਆਂ ਪਾਰਟੀਆਂ ਦੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਉਹ ਨਿਯਮਾਂ ਦੀ “ਘੋਰ ਉਲੰਘਣਾ” ਹਨ।
ਸੀਨੀਅਰ ਸਿਵਲ ਸਰਵੈਂਟ ਸੂ ਗ੍ਰੇ ਨੇ ਆਪਣੀ ਰਿਪੋਰਟ ਵਿੱਚ ਸਿੱਟਾ ਕੱਢਿਆ ਕਿ “ਸਰਕਾਰ ਵਿੱਚ ਲੀਡਰਸ਼ਿਪ ਅਤੇ ਨਿਰਣੇ ਦੀਆਂ ਅਸਫਲਤਾਵਾਂ ਸਨ ਅਤੇ ਕੁਝ ਚੀਜ਼ਾਂ ਨੂੰ ਅਜਿਹਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਸੀ।” ਜੌਹਨਸਨ ਨੇ ਸੋਮਵਾਰ ਰਾਤ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ। ਜੌਹਨਸਨ ਨੇ ਕਿਹਾ ਕਿ ਉਸਨੇ ਆਲੋਚਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਹ ਇਸ ਮਾਮਲੇ ਦੇ ਮੱਦੇਨਜ਼ਰ ਸਰਕਾਰ ਨੂੰ ਚਲਾਉਣ ਦੇ ਤਰੀਕੇ ਨੂੰ ਬਦਲ ਦੇਣਗੇ। ਉਨ੍ਹਾਂ ਨੇ ਸੰਸਦ ‘ਚ ਸੰਸਦ ਮੈਂਬਰਾਂ ਨੂੰ ਕਿਹਾ, ”ਮੈਨੂੰ ਉਮੀਦ ਹੈ ਕਿ ਮੈਂ ਇਸ ਨੂੰ ਠੀਕ ਕਰ ਲਵਾਂਗਾ।
ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ ਨੇ ਮੰਗਲਵਾਰ ਨੂੰ ਜੌਹਨਸਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਹਰ ਸਮੇਂ ਉਸਦੀ ਸਲਾਹ ‘ਤੇ ਵਧੀਆ ਕੰਮ ਕੀਤਾ। ਜਿਨ੍ਹਾਂ ਪ੍ਰੋਗਰਾਮਾਂ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਵਿੱਚ ਜੌਹਨਸਨ ਲਈ ਜੂਨ 2020 ਦੀ ਜਨਮਦਿਨ ਪਾਰਟੀ ਅਤੇ ਅਪ੍ਰੈਲ 2021 ਵਿੱਚ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦੀ ਪੂਰਵ ਸੰਧਿਆ ‘ਤੇ ਆਯੋਜਿਤ ਦੋ ਇਕੱਠਾਂ ਵੀ ਸ਼ਾਮਲ ਹਨ। ਰਿਪੋਰਟ ਦਾ ਸਿੱਟਾ ਜੌਹਨਸਨ ਲਈ ਇੱਕ ਝਟਕਾ ਹੈ, ਜਿਸ ਨੇ ਪਹਿਲਾਂ ਕਿਹਾ ਸੀ ਕਿ ਨਿਯਮਾਂ ਦੀ ਹਰ ਸਮੇਂ ਪਾਲਣਾ ਕੀਤੀ ਜਾਂਦੀ ਸੀ।
ਗ੍ਰੇ ਦੀਆਂ ਖੋਜਾਂ 16 ਪ੍ਰੋਗਰਾਮਾਂ ਵਿੱਚੋਂ ਸਿਰਫ਼ ਚਾਰ ਨਾਲ ਸਬੰਧਤ ਹਨ ਜਿਨ੍ਹਾਂ ਦੀ ਉਸਨੇ ਜਾਂਚ ਕੀਤੀ। ਵਿਰੋਧੀ ਨੇਤਾਵਾਂ ਅਤੇ ਜੌਹਨਸਨ ਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਵੀ ਇਸ ਮਾਮਲੇ ਦੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ‘ਹਾਊਸ ਆਫ ਕਾਮਨਜ਼’ ਵਿੱਚ, ਇੱਕ ਕੰਜ਼ਰਵੇਟਿਵ ਸੰਸਦ ਮੈਂਬਰ ਨੇ ਕਿਹਾ ਕਿ ਉਸਨੇ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਦੌਰਾਨ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ। ਉਨ੍ਹਾਂ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਮੈਨੂੰ ਮੂਰਖ ਸਮਝਦੇ ਹਨ।’
ਸਾਬਕਾ ਪ੍ਰਧਾਨ ਮੰਤਰੀ ਟੇਰੀਜਾ ਮੇਅ ਨੇ ਜੌਹਨਸਨ ਅਤੇ ਉਸ ਦੇ ਸਟਾਫ ‘ਤੇ ਇਹ ਸੋਚਣ ਦਾ ਦੋਸ਼ ਲਗਾਇਆ ਕਿ ਨਿਯਮ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦੇ। ਸੋਮਵਾਰ ਨੂੰ ਜੌਹਨਸਨ ਤੋਂ ਆਪਣਾ ਸਮਰਥਨ ਵਾਪਸ ਲੈਣ ਵਾਲੇ ਸਾਬਕਾ ਕੈਬਨਿਟ ਮੰਤਰੀ ਐਂਡਰਿਊ ਮਿਸ਼ੇਲ ਨੇ ਕਿਹਾ “ਮੈਨੂੰ ਲਗਦਾ ਹੈ ਕਿ ਇਹ ਇੱਕ ਸੰਕਟ ਹੈ ਜੋ ਦੂਰ ਨਹੀਂ ਹੋਣ ਵਾਲਾ ਹੈ ਅਤੇ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈ।”