Breaking News

ਐਸਡੀਐਮ ਦੇ ਫਰਜ਼ੀ ਪੱਤਰ ਨਾਲ ਕੀਤਾ ਡਿੱਪੂ ਹੋਲਡਰ ਦਾ ਲਾਇਸੈਂਸ ਕੀਤਾ ਗਿਆ ਸੀ ਰੱਦ, ਭੇਦ ਖੁੱਲ੍ਹਿਆ ਤਾਂ ਹੋਏ ਅਜਿਹੇ ਖੁਲਾਸੇ ਜਿਸ ਨੂੰ ਜਾਣ ਕੇ ਮੀਡੀਆ ਵਾਲੇ ਵੀ ਹੋ ਗਏ ਹੈਰਾਨ?

[alg_back_button]

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਕੁਝ ਅਧਿਕਾਰੀ ਪੰਜਾਬ ਸਰਕਾਰ ਨੂੰ ਘੁਣ ਬਣ ਕੇ ਚਿੰਬੜੇ ਹੋਏ ਹਨ ਜਿਸ ਕਾਰਨ ਜਿੱਥੇ ਲੋਕਾਂ ਨਾਲ ਬੇਇਨਸਾਫੀ ਹੁੰਦੀ ਹੈ ਉੱਥੇ ਸਰਕਾਰ ਦਾ ਅਕਸ ਵੀ ਮਾੜਾ ਬਣਦਾ ਹੈ। ਅਜਿਹਾ ਹੀ ਮਾਮਲਾ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦਾ ਹੈ ਜਿੱਥੇ ਇੱਕ ਅਡੀਸ਼ਨਲ ਫੂਡ ਸਪਲਾਈ ਅਫਸਰ ‘ਤੇ ਦੋਸ਼ ਲੱਗੇ ਹਨ ਕਿ ਉਹ ਸ਼ਰੇਆਮ ਮਨਮਾਨੀਆਂ ‘ਤੇ ਉਤਰਿਆ ਹੋਇਆ ਸੀ।

ਦੋਸ਼ ਇਹ ਵੀ ਹੈ ਕਿ ਅਡੀਸ਼ਨਲ ਫੂਡ ਸਪਲਾਈ ਅਧਿਕਾਰੀ ਬਿਕਰਮਜੀਤ ਸਿੰਘ ਜੋ ਕਿ ਫੂਡ ਸਪਲਾਈ ਵਿਭਾਗ ਵਿੱਚ ਲੰਮੇ ਸਮੇਂ ਤੋਂ ਰਾਜਪੁਰਾ ਵਿਖੇ ਤੈਨਾਤ ਹੈ ਉਹ ਸੱਤਾਧਾਰੀਆਂ ਨਾਲ ਕਥਿਤ ਮਿਲੀ ਭੁਗਤ ਕਰਕੇ ਡਿੱਪੂ ਹੋਲਡਰਾਂ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਸਰਕਾਰੀ ਗੋਦਾਮਾਂ ਵਿੱਚੋਂ ਜੋ ਕਣਕ ਚੋਰੀ ਹੁੰਦੀ ਹੈ ਉਨ੍ਹਾਂ ਮਸਲਿਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦਾ।

ਇਹ ਦੋਸ਼ ਲਗਾਉਂਦਿਆਂ ਡਿੱਪੂ ਹੋਲਡਰ ਬਲਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਅਜਿਹੇ ਦਸਤਾਵੇਜ਼ ਪੇਸ਼ ਕੀਤੇ ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਬਲਜਿੰਦਰ ਸਿੰਘ ਨੇ ਦਸਤਾਵੇਜ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਐਸਡੀਐਮ ਰਾਜਪੁਰਾ ਦਾ ਇੱਕ ਜਾਅਲੀ ਪੱਤਰ ਤਿਆਰ ਕਰਕੇ ਉਸ ਦਾ ਡਿੱਪੂ ਬਿਨਾਂ ਕਿਸੇ ਜਾਂਚ ਤੋਂ ਬੰਦ ਕਰਵਾਇਆ ਗਿਆ ਅਤੇ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ। ਦਸਤਾਵੇਜ਼ ਦੀ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਇਹ ਪੱਤਰ ਕੁਝ ਵਿਅਕਤੀਆਂ ਵੱਲੋਂ 28 ਜੁਲਾਈ 2017 ਨੂੰ ਲਿਖਿਆ ਗਿਆ ਸੀl ਇਸੇ ਪੱਤਰ ਉੱਤੇ  ਕਾਰਵਾਈ ਕਰਨ ਦੇ ਆਦੇਸ਼ 6 ਮਹੀਨੇ ਪਹਿਲਾਂ 4 ਜਨਵਰੀ 2017 ਨੂੰ ਦੇ ਦਿੱਤੇ ਗਏ ਸਨ ਜਿਸ ਤੋਂ ਇਸ ਪੱਤਰ ਦਾ ਝੂਠ ਫੜਿਆ ਗਿਆ ।

ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਰਟੀਆਈ ਰਾਹੀਂ ਐਸਡੀਐਮ ਦਫ਼ਤਰ ਰਾਜਪੁਰਾ ਤੋਂ ਸੂਚਨਾ ਮੰਗੀ ਜਿਸ ਤਹਿਤ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਪਹਿਲੀ ਜਨਵਰੀ 2017 ਤੋਂ  31 ਦਸੰਬਰ 2017 ਤੱਕ ਉਸ ਬਾਰੇ ਐਸਡੀਐਮ ਦਫ਼ਤਰ ਵਿੱਚ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਸੀ ਹੋਈ । ਜਿਸ ਕਾਰਨ ਫੂਡ ਸਪਲਾਈ ਵਿਭਾਗ ਰਾਜਪੁਰਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੰਦਭਾਵਨਾ ਦਾ ਸਪੱਸ਼ਟ ਪਤਾ ਲੱਗ ਗਿਆ।

ਬਲਜਿੰਦਰ ਸਿੰਘ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਬਿਕਰਮਜੀਤ ਸਿੰਘ ਨੇ ਸੱਤਾਧਾਰੀਆਂ ਨਾਲ ਮਿਲ ਕੇ ਜੇਤੂ ਨਿਸ਼ਾਨ ਬਣਾਏ ਸਨ।ਦੋਸ਼ ਹੈ ਕਿ ਬਿਕਰਮਜੀਤ ਸਿੰਘ ਉਸ ਵੇਲੇ ਚੋਣ ਡਿਊਟੀ ‘ਤੇ ਤੈਨਾਤ ਸੀ ਇਸ ਦੇ ਬਾਵਜੂਦ ਉਸ ਨੇ ਚੋਣ ਜ਼ਾਬਤੇ ਦੀ ਪ੍ਰਵਾਹ ਨਹੀਂ ਕੀਤੀ । ਜਿਸ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਵੀ ਛਪੀਆਂ ਸਨ। ਜਿਸ ਕਾਰਨ ਸ਼ਿਕਾਇਤ ਦੇ ਆਧਾਰ ‘ਤੇ ਬਿਕਰਮਜੀਤ ਸਿੰਘ ਦੀ ਚੋਣ ਕਮਿਸ਼ਨ ਨੇ ਤਿੰਨ ਮਹੀਨੇ ਲਈ ਉੱਥੋਂ ਬਾਹਰ ਬਦਲੀ ਕਰ ਦਿੱਤੀ ਸੀ। ਪਰ ਹੁਣ ਉਸ ਨੂੰ ਸੱਤਾਧਾਰੀਆਂ ਨੇ ਸਰਪ੍ਰਸਤੀ ਦੇ ਕੇ ਦੋ ਥਾਵਾਂ ਦਾ ਚਾਰਜ ਦੇ ਦਿੱਤਾ ਹੈ ਅਤੇ ਮੁੜ ਰਾਜਪੁਰਾ ਹੀ ਡਿਊਟੀ ਲਗਵਾ ਦਿੱਤੀ ਹੈ।

ਬਲਜਿੰਦਰ ਸਿੰਘ ਦਾ ਦੋਸ਼ ਹੈ ਕਿ ਰਾਜਪੁਰਾ ਵਿੱਚੋਂ ਸਰਕਾਰੀ ਕਣਕ ਦੇ ਤਿੰਨ ਟਰੱਕ ਚੋਰੀ ਹੋ ਗਏ ਸਨ ਜੋ ਕਿ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਹੀ ਚੋਰੀ ਹੋਏ ਸਨ। ਪਰ ਕਣਕ ਚੋਰੀ ਦਾ ਦੋਸ਼ ਇੱਕ ਡੀਪੂ ਹੋਲਡਰ ‘ਤੇ ਲਗਾ ਕੇ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਡਿਪੂ ਹੋਲਡਰ ਉਹ ਕੇਸ ਵਿੱਚੋਂ ਬਰੀ ਹੋ ਗਿਆ । ਬਲਜਿੰਦਰ ਸਿੰਘ ਦਾ ਦਾਅਵਾ ਹੈ ਕਿ ਜੇਕਰ ਚੋਰੀ ਵਾਲੀ ਕਣਕ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਬਿਕਰਮਜੀਤ ਸਿੰਘ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ।

ਬਲਜਿੰਦਰ ਸਿੰਘ ਤਰਕਾਂ ਰਾਂਹੀ ਦੋਸ਼ ਲਾਉਂਦੇ ਹਨ ਕਿ ਗਲਤ ਢੰਗ ਨਾਲ ਬਣਾਏ ਚਾਰ ਨੀਲੇ ਕਾਰਡ ਉਸਨੇ ਸ਼ਿਕਾਇਤ ਕਰਕੇ ਰੱਦ ਕਰਵਾਏ ਸਨ ਜਿਸ ਕਾਰਨ ਬਿਕਰਮਜੀਤ ਸਿੰਘ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਉਸ ਦਾ ਲਾਇਸੰਸ ਰੱਦ ਕਰਵਾਇਆ ਗਿਆ ਹੈ ।

ਬਲਜਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਿਯਮਾਂ ਨੂੰ ਛਿੱਕੇ ‘ਤੇ ਟੰਗਣ ਵਾਲੇ ਅਤੇ ਐਸਡੀਐਮ ਰਾਜਪੁਰਾ ਦਾ ਖੁਦ ਹੀ ਪੱਤਰ ਤਿਆਰ ਕਰਵਾਉਣ ਵਾਲੇ ਐਡੀਸ਼ਨਲ ਫੂਡ ਸਪਲਾਈ ਅਫ਼ਸਰ ਬਿਕਰਮਜੀਤ ਸਿੰਘ ਖ਼ਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ।

ਬਲਜਿੰਦਰ ਸਿੰਘ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮੁੱਖ ਚੋਣ ਕਮਿਸ਼ਨ ਭਾਰਤ ਸਰਕਾਰ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਬਿਕਰਮਜੀਤ ਸਿੰਘ ਵੱਲੋਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਬਾਰੇ ਕਾਰਵਾਈ  ਕਰਨ ਲਈ ਕਿਹਾ ਹੈ।

[alg_back_button]

Check Also

ਮੁੱਖ ਮੰਤਰੀ ਨੇ ਪੇਂਡੂ ਵਿਕਾਸ ਫੰਡ ਦੇ ਮੁੱਦੇ ਉੱਤੇ ਰਾਜਪਾਲ ਨੂੰ ਲਿਖੀ ਚਿੱਠੀ

ਚੰਡੀਗੜ੍ਹ- ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਰਿਸ਼ਤੇ ਤਣਾਅਪੂਰਨ ਰਹੇ ਹ। …

Leave a Reply

Your email address will not be published. Required fields are marked *