ਸੋਧੇ ਕਿਰਤੀ ਕਾਨੂੰਨ ਕਿਰਤੀਆਂ ਨੂੰ ਆਰਥਕ ਗੁਲਾਮੀ ਤੇ ਬੰਧੂਆਂ ਮਜ਼ਦੂਰੀ ਦੀ ਦਲਦਲ ‘ਚ ਧੱਕਣਗੇ- ਹਰਭਜਨ ਸਿੰਘ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ):- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਫਗਵਾੜਾ ਨੇ ਸਮਕਾਲੀ ਮੁੱਦਿਆਂ ਬਾਰੇ ਕੌਮਾਂਤਰੀ ਵੈੱਬੀਨਾਰ ਕਰਵਾਉਣ ਦੀ ਲੜੀ ਅੱਗੇ ਤੋਰਦਿਆਂ ਇਸ ਵਾਰ ”ਸੋਧੇ ਕਿਰਤ ਕਾਨੂੰਨਾਂ ਦਾ ਕਿਰਤੀਆਂ ‘ਤੇ ਪ੍ਰਭਾਵ” ਮੁੱਦੇ ਬਾਰੇ ਵਿਚਾਰ ਚਰਚਾ ਛੇੜੀ। ਹਿੰਦ ਮਜਦੂਰ ਸਭਾ (ਐਚ ਐਮ ਐਸ) ਦੇ ਜਨਰਲ ਸਕੱਤਰ ਹਰਭਜਨ ਸਿੰਘ ਸਿੱਧੂ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਇਨ੍ਹਾਂ ਕਾਨੂੰਨਾਂ ਦੀ ਬਰੀਕੀ ਨਾਲ ਚੀਰ ਫਾੜ ਕੀਤੀ ਅਤੇ ਇਨ੍ਹਾਂ ਨੂੰ ਧੁਰ ਕਿਰਤ ਤੇ ਕਿਰਤੀ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁਲਕ ਚ 50 ਕਰੋੜ ਵਰਕਰ ਹਨ, ਜਿਨ੍ਹਾਂ ‘ਚੋਂ ਮਸਾਂ ਸੱਤ ਫੀਸਦੀ ਹੀ ਜੱਥੇਬੰਦਕ ਖੇਤਰ ‘ਚ ਤੇ ਬਾਕੀ ਗੈਰ ਜਥੇਬੰਦਕ ਖੇਤਰ ‘ਚ ਹਨ , ਉਨ੍ਹਾਂ ਸਾਰਿਆਂ ਨੂੰ ਇਹ ਕਾਨੂੰਨ ਆਰਥਕ ਗੁਲਾਮੀ ਤੇ ਬੰਧੂਆਂ ਮਜਦੂਰੀ ਦੀ ਦਲਦਲ ਵਿੱਚ ਧੱਕਣਗੇ। ਉਨ੍ਹਾਂ ਅਗੇ ਕਿਹਾ ਕਿ ਨੌਂਵੇ ਦਹਾਕੇ ਚ ਨਰਸਿੰਮਾ ਰਾਓ ਤੇ ਮਨਮੋਹਨ ਸਿੰਘ ਦੀ ਜੋੜੀ ਵਲੋਂ ਪੂੰਜੀਵਾਦੀ ਵਿਸ਼ਵੀਕਰਨ ਤੇ ਬੇਲਗਾਮ ਮੰਡੀ ਦੀ ਆਰਥਕਤਾ ਨੂੰ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਚ ਐਨ ਡੀ ਏ ਸਰਕਾਰ ਨੇ ਡਿਸਇਨਵੈਸਟਮਿੰਟ ਦਾ ਵਿਸ਼ੇਸ਼ ਵਿਭਾਗ ਕਾਇਮ ਕਰਕੇ ਮੁਨਾਫ਼ਾ ਕਮਾ ਰਹੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਔਣੇ ਪੌਣੇ ਭਾਅ ਵੇਚਣ ਦਾ ਤੇ ਸਰਕਾਰੀ ਅਦਾਰਿਆਂ ਦਾ ਕੱਦ ਤੇ ਕਦਰ ਘਟਾਈ ਦਾ ਮੁੱਢ ਬੰਨ੍ਹਿਆ ਸੀ। ਇਸੇ ਨੂੰ ਤੇਜੀ ਨਾਲ ਅਗੇ ਵਧਾਉਦਿਆਂ ਨਰਿੰਦਰ ਮੋਦੀ ਦੀ ਅਗਵਾਈ ਚ ਭਾਰੀ ਬਹੁਮਤ ਨਾਲ ਮੁੜ ਸੱਤਾ ‘ਤੇ ਕਾਬਜ਼ ਹੋਈ ਐਨ ਡੀ ਏ ਸਰਕਾਰ ਨੇ ਇਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦਾ ਅਹਿਸਾਨ ਲਾਹੁਣ ਲਈ ਸੇਲ ਹੀ ਲਾ ਦਿੱਤੀ ਹੈ।

ਏਅਰ ਇੰਡੀਆ, ਸ਼ਿਪ ਯਾਰਡ ਕੰਪਨੀ ਭਾਰਤ ਪੈਟਰੋਲੀਅਮ ਕੰਪਨੀ, ਡਿਫੈਸ ਫੈਕਟਰੀਆਂ ਰੇਲਵੇ ਤੇ ਐਲ ਆਈ ਸੀ ਸਮੇਤ ਤਮਾਮ ਸਾਰੇ ਮੁਨਾਫਾ ਕਮਾ ਰਹੇ ਤੇ ਮਿਆਰੀ ਸਰਵਿਸ ਦੇ ਰਹੇ ਅਦਾਰੇ ਇੱਕ-ਇੱਕ ਕਰਕੇ ਵੇਚੇ ਜਾ ਰਹੇ ਹਨ। ਉਨ੍ਹਾਂ ਦਾ ਇਹ ਰਾਹ ਡੱਕਣ ਵਾਲੀ ਹਰ ਕੋਸ਼ਿਸ਼ ਤੇ ਰੋਸ ਨੂੰ, ਅਰਬਨ ਨਕਸਲੀ ਤੇ ਦੇਸ਼ ਧਰੋਹ ਦਾ ਲੇਬਲ ਲਾ ਕੇ ਰਾਜਕੀ ਜੋਰ ਜ਼ਬਰ ਨਾਲ ਦਬਾਇਆ ਜਾ ਰਿਹਾ ਹੈ। ਇਸ ਗੈਰ ਲੋਕਤੰਤਰੀ ਤੇ ਤਾਨਾਸ਼ਾਹੀ ਦੌਰ ‘ਚ ਵੀ ਮੁਲਕ ਦੀਆਂ 12ਪ੍ਰਮੁੱਖ ਟਰੇਡ ਯੂਨੀਅਨਾਂ ਸਮੁੱਚੀ ਟਰੇਡ ਯੂਨੀਅਨ ਸ਼ਕਤੀ ਇਕੱਠੀ ਕਰਕੇ ਤੇ ਕਿਸਾਨੀ ਤੇ ਨੌਜੁਆਨੀ ਦੇ ਸਮੇਤ ਵੱਖ-ਵੱਖ ਲੜੇ ਜਾ ਰਹੇ ਸੰਘਰਸ਼ਾਂ ਨਾਲ ਸਾਂਝ ਕਾਇਮ ਕਰਕੇ ਇਕ ਵੱਡੀ ਲੋਕ ਸ਼ਕਤੀ ਉਸਾਰਨ ਲਈ ਯਤਨਸ਼ੀਲ ਹਨ। ਇਸੇ ਕੜੀ ਵਜੋਂ ਹੀ ਉਨ੍ਹਾਂ ਵਲੋਂ 26 ਨਵੰਬਰ ਨੂੰ ਮੁਲਕ ਵਿਆਪੀ ਹੜਤਾਲ ਦਾ ਵੀ ਸੱਦਾ ਹੈ।

ਮੰਚ ਦੇ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਕਰਵਾਏ ਗਏ ਵੈਬੀਨਾਰ ‘ਚ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ ਗਿਆਨ ਸਿੰਘ ਨੇ ਟਰੇਡ ਯੂਨੀਅਨਾਂ ਨੂੰ ਆਪਣੀ ਵਿਭਾਗੀ ਜੁੰਮੇਵਾਰੀ ਨਿਭਾਉਣ, ਵਿਭਾਗਾਂ ਦੀ ਰਾਖੀ ਲਈ ਨਿਭਾਈ ਭੂਮਿਕਾ ਤੇ ਲੋਕਾਂ ਨਾਲ ਨਿਭਾਈ ਵਫ਼ਾਦਾਰੀ ਦੀ ਸਵੈ ਪੜਚੋਲ ਕਰਨ ਤੇ ਆਪਣੇ ਸੰਘਰਸ਼ ਨੂੰ ਸਮਕਾਲੀ ਸੰਘਰਸ਼ਾਂ ਨਾਲ ਜੋੜਨ ਦਾ ਮਸ਼ਵਰਾ ਦੇਣ ਉਪਰੰਤ ਡਾ ਆਸਾ ਸਿੰਘ ਘੁੰਮਣ ਨੇ ਕਰੋਨਾ ਕਾਲ ਚ ਲੋਕਾਂ ਦੀ ਡਰਾਈ ਤੇ ਖੌਫਜਦਾ ਮਾਨਸਿਕਤਾ ਦਾ ਫਾਇਦਾ ਉਠਾ ਕੇ ਖੇਤੀ ਬਿਜਲੀ ਤੇ ਕਿਰਤ ਕਾਨੂੰਨਾਂ ਸਮੇਤ ਕਈ ਆਰਡੀਨੈਂਸ ਜਾਰੀ ਕਰਨੇ ਤੇ ਮੁੜ ਇਨ੍ਹਾਂ ਨੂੰ ਬਿੱਲ ਵਜੋਂ ਪਾਸ ਕਰਾਉਣਾ ਕੇਦਰ ਸਰਕਾਰ ਵਲੋਂ ਆਪਣੇ ਗੁਪਤ ਏਜੰਡਾ ਲਾਗੂ ਕਰਨ ਦਾ ਤੱਥ ਜੋੜਿਆ। ਕੇਹਰ ਸ਼ਰੀਫ ਜਰਮਨੀ ਮੁਤਾਬਕ ਸੀਮਤ ਜਿਹੇ ਲੋਕ ਰਾਜ ਚੋਂ ਵੀ ਲੋਕਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ।

ਵਿਸ਼ਵ ਚ ਕਈ ਯੂਰਪੀ ਮੁਲਕਾਂ ਚ 8 ਘੰਟੇ ਦੀ ਪੂਰੀ ਤਨਖਾਹ ਨਾਲ 6 ਘੰਟੇ ਦਿਹਾੜੀ ਲਾਗੂ ਕਰਨ ਦੀ ਮੁਹਿੰਮ ਹੈ ਉਥੇ ਭਾਰਤ ਚ ਕਿਰਤ ਕਾਨੂੰਨਾਂ ਨੂੰ ਪੁੱਠਾ ਗੇੜਾ ਦੇ ਕੇ 12 ਘੰਟੇ ਕੰਮ ਦਿਹਾੜੀ ਕਰਨ ਦੇ ਯਤਨ ਹਨ। ਕੇ ਜਵੰਦਾ ਨੇ ਪਬਲਿਕ ਸੈਕਟਰ ਦੇ ਪਬਲਿਕ ਸਰਵਿਸ ਡਿਲਵਰੀ ਸਿਸਟਮ ਚ ਆਏ ਵਿਗਾੜਾਂ ‘ਤੇ ਉਂਗਲ ਰੱਖੀ। ਡਾ ਐਸ ਪੀ ਸਿੰਘ ਸਾਬਕਾ ਉਪ ਕੁਲਪਤੀ ਨੇ ਕਿਹਾ ਕਿ ਮੁਲਕ ਚ ਧੱਕੜ ਪੂੰਜੀਵਾਦੀ ਵਿਸ਼ਵੀਕਰਨ ਲਾਗੂ ਕਰਕੇ ਬੰਧਨ ਮੁਕਤ ਆਰਥਕਤਾ ਲਾਗੂ ਕੀਤੀ ਜਾ ਰਹੀ ਹੈ ਤੇ ਮੁਨਾਫਾਵੰਦੇ ਵਿਭਾਗਾਂ ਦੀ ਥੋਕ ਵਿਕਰੀ ਲਾਈ ਹੋਈ ਹੈ । ਮੋਤਾ ਸਿੰਘ ਸਰਾਏ ਅਤੇ ਪ੍ਰੋ: ਰਣਜੀਤ ਧੀਰ ਨੇ ਪੱਛਮੀ ਮੁਲਕਾਂ ‘ਚ ਸਰਮਾਏਦਾਰੀ ਦੇ ਪਸਾਰ ਦੀ ਚਰਚਾ ਕੀਤੀ ਅਤੇ ਪੱਛਮੀ ਦੇਸ਼ਾਂ ਵਿੱਚ ਕਿਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਿਸਥਾਰ ਦਿੱਤਾ। ਰਵਿੰਦਰ ਚੋਟ ਨੇ ਕਰੋਨਾ ਕਾਲ ਵਿੱਚ ਕਿਰਤ ਕਾਨੂੰਨ ‘ਚ ਸਰਕਾਰ ਵਲੋਂ ਕੀਤੀਆਂ ਸੋਧਾਂ ਦਾ ਵੇਰਵਾ ਦਿੱਤਾ।
ਇਸ ਵੈਬੀਨਾਰ ਵਿੱਚ ਹੋਰਨਾਂ ਤੋਂ ਬਿਨ੍ਹਾਂ ਗੁਰਮੀਤ ਸਿੰਘ ਪਲਾਹੀ, ਡਾ: ਹਰਜਿੰਦਰ ਵਾਲੀਆ, ਪ੍ਰੋ: ਰਣਜੀਤ ਧੀਰ ਯੂ.ਕੇ., ਸੁਰਿੰਦਰ ਮਚਾਕੀ, ਮਨਜੀਤ ਆਹਲੂਵਾਲੀਆ, ਬਲਜੀਤ ਸਿੰਘ, ਚਰਨਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਡਾ: ਚਰਨਜੀਤ ਸਿੰਘ ਗੁਮਟਾਲਾ, ਮਲਵਿੰਦਰ ਸਿੰਘ ਮਾਲੀ, ਗੁਰਚਰਨ ਸਿੰਘ ਨੂਰਪੁਰ, ਗੁਰਪ੍ਰੀਤ ਸਿੱਧੂ, ਗਿਆਨ ਸਿੰਘ, ਕੁਲਦੀਪ ਚੰਦ, ਕੁਲਵੰਤ ਬਾਵਾ, ਮਨਦੀਪ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਦਿਓਲ, ਰਾਜਕਮਲ, ਗੁਲਾਮ ਚੰਦ ਚੌਹਾਨ, ਕੁਮਾਰ ਸਵਾਮੀ, ਪਰਵਿੰਦਰਜੀਤ ਸਿੰਘ ਨੇ ਹਿੱਸਾ ਲਿਆ।

- Advertisement -

Share this Article
Leave a comment