ਕੈਨੇਡਾ ‘ਚ ਪੰਜਾਬੀ ਡਰਾਈਵਰਾਂ ਦੀ ਹੜਤਾਲ, “ਨਾਂ ਵਾਸ਼ਰੂਮ ਜਾਣ ਦੀ ਇਜਾਜ਼ਤ, ਨਾਂ ਸੁਰੱਖਿਆ ਕੰਪਨੀ ਨੂੰ ਗੁਲਾਮ ਚਾਹੀਦੇ”

Global Team
3 Min Read

ਸਸਕਾਟੂਨ: ਸਸਕਾਟੂਨ ਵਿੱਚ ਡਿਲੀਵਰੀ ਡਰਾਈਵਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ, ਜੋ ਕੰਮ ਦੀਆਂ ਮਾੜੀਆਂ ਸ਼ਰਤਾਂ ਅਤੇ ਤਨਖਾਹ ਵਿੱਚ ਕਟੌਤੀ ਦੇ ਖ਼ਿਲਾਫ਼ ਵਿਰੋਧ ਕਰ ਰਹੇ ਹਨ। ਡਰਾਈਵਰਾਂ ਦਾ ਦੋਸ਼ ਹੈ ਕਿ ਠੇਕੇਦਾਰ ਕੰਪਨੀ ਵੱਲੋਂ ਉਨ੍ਹਾਂ ਦੀ ਕਮਾਈ ਲਗਾਤਾਰ ਘਟਾਈ ਜਾ ਰਹੀ ਹੈ।

ਹੜਤਾਲ ‘ਤੇ ਬੈਠੇ ਡਰਾਈਵਰਾਂ ਨੇ ਦੱਸਿਆ ਕਿ ਪਹਿਲਾਂ ਇੱਕ ਪੈਕੇਜ ਦੀ ਡਿਲੀਵਰੀ ਲਈ 1.89 ਡਾਲਰ ਮਿਲਦੇ ਸਨ, ਜੋ ਹੁਣ ਘਟਾ ਕੇ 1.35 ਡਾਲਰ ਕਰ ਦਿੱਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਸਮੱਸਿਆ ਨਹੀਂ, ਸਗੋਂ ਹੋਰ ਵੀ ਕਈ ਮੁਸ਼ਕਲਾਂ ਹਨ ਜਿਨ੍ਹਾਂ ਦਾ ਉਹ ਰੋਜ਼ ਸਾਹਮਣਾ ਕਰਦੇ ਹਨ।

ਡਰਾਈਵਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੰਮ ਦੌਰਾਨ ਵਾਸ਼ਰੂਮ ਜਾਣ ਦੀ ਵੀ ਆਜ਼ਾਦੀ ਨਹੀਂ ਮਿਲਦੀ। ਕਈ ਵਾਰ ਡਿਲੀਵਰੀ ਕਰਦੇ ਸਮੇਂ ਕੁੱਤੇ ਵੱਲੋਂ ਹਮਲਾ ਹੋ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕੰਮ ਮੁਕੰਮਲ ਕਰਨ ਲਈ ਕਿਹਾ ਜਾਂਦਾ ਹੈ। ਇੱਕ ਮਾਮਲੇ ਵਿੱਚ ਡਰਾਈਵਰ ਨੂੰ ਕੁੱਤੇ ਨੇ ਵੱਢ ਲਿਆ, ਪਰ ਉਸਨੂੰ ਪਹਿਲਾਂ ਸਾਰੇ ਪੈਕੇਜ ਪਹੁੰਚਾਉਣ ਲਈ ਕਿਹਾ ਗਿਆ ਅਤੇ ਫਿਰ ਹੀ ਹਸਪਤਾਲ ਜਾਣ ਦੀ ਆਗਿਆ ਮਿਲੀ।

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਡ੍ਰੈਗਨਫਲਾਈ ਨਾਮ ਦੀ ਕੰਪਨੀ ਵੱਲੋਂ ਡਰਾਈਵਰਾਂ ਨੂੰ ਇੰਡੀਪੈਂਡੈਂਟ ਕੌਂਟ੍ਰੈਕਟਰਜ਼ ਦਰਸਾਇਆ ਗਿਆ ਹੈ ਅਤੇ ਇਹ ਡਰਾਈਵਰ ਆਪਣੀ ਗੱਡੀ ਨਾਲ ਕੰਮ ਕਰਦੇ ਹਨ ਅਤੇ ਫਿਊਲ, ਇੰਸ਼ੋਰੈਂਸ ਅਤੇ ਮੁਰੰਮਤ ਵਰਗੇ ਸਾਰੇ ਖਰਚੇ ਖੁਦ ਝੱਲਦੇ ਹਨ। ਜੇ ਗੱਡੀ ਰਸਤੇ ਵਿੱਚ ਖਰਾਬ ਹੋ ਜਾਵੇ ਤਾਂ ਉਸ ਦਾ ਖਰਚਾ ਵੀ ਉਨ੍ਹਾਂ ਨੂੰ ਹੀ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਜੇ ਪੈਕੇਜ ਚੋਰੀ ਹੋ ਜਾਵੇ ਤਾਂ ਉਸ ਦੀ ਭਰਪਾਈ ਵੀ ਡਰਾਈਵਰਾਂ ਤੋਂ ਹੀ ਕੀਤੀ ਜਾਂਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਇਹ ਡਿਲੀਵਰੀ ਕੰਮ ਤੀਜੀ ਪਾਰਟੀ ਕੰਪਨੀਆਂ ਰਾਹੀਂ ਹੁੰਦਾ ਹੈ, ਜੋ ਡਰਾਈਵਰਾਂ ਦੀ ਕਮਾਈ ਵਿੱਚੋਂ ਕਰੀਬ 15 ਫੀਸਦੀ ਹਿੱਸਾ ਆਪਣੇ ਕੋਲ ਰੱਖ ਲੈਂਦੀਆਂ ਹਨ। ਇਸ ਕਾਰਨ ਕਈ ਵਾਰ ਡਰਾਈਵਰਾਂ ਦੀ ਕਮਾਈ ਘੱਟੋ-ਘੱਟ ਉਜਰਤ ਤੋਂ ਵੀ ਘੱਟ ਰਹਿ ਜਾਂਦੀ ਹੈ।

ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਉਹ ਸਿੱਧੇ ਤੌਰ ‘ਤੇ ਡਰਾਈਵਰਾਂ ਨੂੰ ਨੌਕਰੀ ‘ਤੇ ਨਹੀਂ ਰੱਖਦੇ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ। ਦੂਜੇ ਪਾਸੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਕਿਸਮ ਦੀ ਨੌਕਰੀ ਵਿੱਚ ਕਾਨੂੰਨੀ ਸੁਰੱਖਿਆ ਘੱਟ ਹੈ, ਜਿਸ ਕਰਕੇ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment