ਨਵੀਂ ਦਿੱਲੀ : ਦਿੱਲੀ ‘ਚ ਭੜਕੀ ਹਿੰਸਾ ਦੌਰਾਨ ਹੁਣ ਤੱਕ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਬਰਾਂ ਮੁਤਾਬਕ ਇੰਨ੍ਹਾਂ ਦੰਗਿਆਂ ਦੌਰਾਨ 200 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਇਸ ਦੇ ‘ਚ ਹੀ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ‘ਤੇ ਦਿੱਲੀ ਦੇ ਕਰਾਵਲ ਨਗਰ ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਹਨ।
ਇਨ੍ਹਾਂ ਦੰਗਿਆਂ ਦੌਰਾਨ ਮਾਰੇ ਗਏ ਖੁਫੀਆ ਵਿਭਾਗ (IB) ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਨੇ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਕਤਲ ਦੇ ਦੋਸ਼ ‘ਚ ਆਈਪੀਸੀ ਦੀ ਧਾਰਾ 302, 201, 365, 34 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਖਜੂਰੀ ਖਾਸ ‘ਚ ਤਾਹਿਰ ਹੁਸੈਨ ਦੀ ਫੈਕਟਰੀ ਨੂੰ ਸੀਲ ਕਰ 4 ਮੰਜ਼ਿਲਾ ਇਮਾਰਤ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੂੰ ਇਮਾਰਤ ਦੀ ਹਰ ਮੰਜ਼ਿਲ ਤੋਂ ਪੈਟਰੋਲ ਬੰਬ, ਪੱਥਰ ਦੇ ਟੁਕੜੇ, ਕਈ ਐਸਿਡ ਪਾਉਚ ਮਿਲੇ ਹਨ।
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਸਖਤ ਰੁੱਖ ਅਖਤਿਆਰ ਕਰਦਿਆਂ ਜਾਂਚ ਪੂਰੀ ਹੋਣ ਤੱਕ ਕੌਂਸਲਰ ਤਾਹਿਰ ਹੁਸੈਨ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਕੌਂਸਲਰ ਤਾਹਿਰ ਹੁਸੈਨ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਅੰਕਿਤ ਸ਼ਰਮਾ ਦੀ ਮੌਤ ਦਾ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਕਿਹਾ ਕਿ ਦੰਗਿਆਂ ‘ਚ ਉਸ ਦੇ ਘਰ ਦਾ ਦੁਰਉਪਯੌਗ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਅਪਰਾਧ ਸ਼ਾਖਾ ਦੇ ਵਧੀਕ ਕਮਿਸ਼ਨਰ ਬੀ.ਕੇ. ਸਿੰਘ ਦੀ ਅਗਵਾਈ ਹੇਠ ਹਿੰਸਾ ਦੀ ਜਾਂਚ ਲਈ 2 ਐਸ.ਆਈ.ਟੀ. ਦਾ ਗਠਨ ਕੀਤਾ ਹੈ। ਇਕ ਐਸਆਈਟੀ ਦੀ ਅਗਵਾਈ ਡੀਸੀਪੀ ਜੋਏ ਤਿਕਰੀ ਜਦੋਂਕਿ ਦੂਜੀ ਦੀ ਅਗਵਾਈ ਡੀਸੀਪੀ ਰਾਜੇਸ਼ ਦੇਵ ਕਰਨਗੇ। ਦੋਵੇਂ ਟੀਮਾਂ ਨੇ ਉੱਤਰ ਪੂਰਬੀ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।