ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚਾਲੇ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਇਹ ਆਦੇਸ਼ ਲਾਗੂ ਹੋਣਗੇ ਅਤੇ ਕਲਾਸਾਂ ਸਿਰਫ਼ 10ਵੀਂ ਅਤੇ 12ਵੀਂ ਦੀਆਂ ਹੀ ਲੱਗਣਗੀਆਂ। ਹੁਣ ਸਕੂਲ ਪ੍ਰਸ਼ਾਸਨ ਇਹਨਾਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਅਤੇ ਪ੍ਰੈਕਟੀਕਲ ਦੀ ਤਿਆਰੀ ਲਈ ਸੱਦ ਸਕਦਾ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖਤੀ ਰੂਪ ਵਿੱਚ ਮਨਜ਼ੂਰੀ ਲੈਣੀ ਜ਼ਰੂਰੀ ਹਵੇਗੀ। ਇਸ ਤੋਂ ਇਲਾਵਾ ਕਲਾਸ ਰੂਮ ਵਿੱਚ ਕੋਵਿਡ-19 ਨਾਲ ਜੁੜੀਆਂ ਹਰ ਗਾਈਡਲਾਈਨ ਦਾ ਪਾਲਨ ਕਰਨਾ ਜ਼ਰੂਰੀ ਹੋਵੇਗਾ।
ਦਿੱਲੀ ਸਿੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ 18 ਜਨਵਰੀ 2021 ਤੋਂ ਸਕੂਲ ਖੋਲ੍ਹੇ ਜਾ ਸਕਦੇ ਹਨ। ਜਿਸ ਬੱਚੇ ਤੋਂ ਮਾਪਿਆਂ ਦੀ ਲਿਖਤ ਮਨਜ਼ੂਰੀ ਹੋਵੇਗੀ ਉਹ ਹੀ ਕਲਾਸ ਵਿੱਚ ਦਾਖਲ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਰਾਜਧਾਨੀ ਵਿੱਚ ਪਿਛਲੇ ਸਾਲ ਮਾਰਚ ਮਹੀਨੇ ਸਕੂਲ ਬੰਦ ਕਰ ਦਿੱਤੇ ਗਏ ਸਨ। ਇਹਨਾਂ 10 ਮਹੀਨਿਆਂ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਦਿੱਲੀ ਵਿੱਚ ਵਿਦਿਆਰਥੀ ਪਹਿਲੀ ਵਾਰ ਸਕੂਲ ਆਉਣਗੇ। ਦਿੱਲੀ ਵਿੱਚ 12ਵੀਂ ਜਮਾਤ ਦੀ ਪ੍ਰੀ-ਬੋਰਡ ਦੀ ਪ੍ਰੀਖਿਆ 2 ਮਾਰਚ ਤੋਂ 15 ਅਪ੍ਰੈਲ ਦੇ ਵਿਚਾਲੇ ਅਤੇ ਦਸਵੀਂ ਜਮਾਤ ਦੇ ਪ੍ਰੀ-ਬੋਰਡ ਪੇਪਰ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਹੋਣੇ ਹਨ। ਇਸ ਲਈ ਬੱਚਿਆਂ ਨੂੰ ਸਕੂਲਾਂ ਵਿੱਚ ਆਉਣ ਦੀ ਖੁੱਲ੍ਹ ਦੇ ਦਿੱਤੀ ਗਈ।