ਟਰੈਕਟਰ ਮਾਰਚ ਕੱਢਣ ਸਬੰਧੀ ਦਿੱਲੀ ਪੁਲਿਸ ਦੀ ਕਿਸਾਨਾਂ ਨਾਲ ਮੀਟਿੰਗ, ਜਾਣੋ ਕਿਸਾਨਾਂ ਨੇ ਕੀ ਕਿਹਾ

TeamGlobalPunjab
2 Min Read

ਨਵੀਂ ਦਿੱਲੀ: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨਾਂ ਨਾਲ ਅੱਜ ਮੁਲਾਕਾਤ ਕੀਤੀ ਗਈ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਇੱਕ ਪੈਲੇਸ ਅੰਦਰ ਕਿਸਾਨਾਂ ਦੀ ਪੁਲਿਸ ਨਾਲ ਬੈਠਕ ਹੋਈ। ਜਿਸ ਵਿੱਚ ਕਿਸਾਨਾਂ ਨੇ ਆਪਣਾ ਉਲੀਕਿਆ ਹੋਇਆ ਪ੍ਰੋਗਰਾਮ ਦਿੱਲੀ ਪੁਲਿਸ ਨਾਲ ਸਾਂਝਾ ਕੀਤਾ। ਹਾਲਾਂਕਿ ਪੁਲਿਸ ਨੇ ਹਾਲੇ ਤੱਕ ਮਾਰਚ ਕੱਢਣ ਸਬੰਧੀ ਇਜਾਜ਼ਤ ਜਾਂ ਮਨਾਹੀ ਨਹੀਂ ਕੀਤੀ, ਪਰ ਅਗਲੀ ਮੀਟਿੰਗ ਬੁੱਧਵਾਰ ਨੂੰ ਸਵੇਰੇ 10 ਵਜੇ ਬੁਲਾ ਲਈ ਗਈ। ਇਸ ਤੋਂ ਬਾਅਦ 20 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਵੀ ਕਿਸਾਨਾਂ ਨੇ ਦੁਪਹਿਰ 2 ਵਜੇ ਮੀਟਿੰਗ ਕਰਨੀ ਹੈ।

ਅੱਜ ਦਿੱਲੀ ਪੁਲਿਸ ਨਾਲ ਮੀਟਿੰਗ ਵਿੱਚ ਕਿਸਾਨਾਂ ਨੇ ਸਾਫ਼ ਕਰ ਦਿੱਤਾ ਕਿ ਸਾਡਾ ਲੋਕਤੰਤਰ ਹੱਕ ਹੈ ਮਾਰਚ ਕਰਨਾ। ਇਸ ਲਈ ਅਸੀਂ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਾਂਗੇ ਹੀ ਅਤੇ ਨਾਲ ਹੀ ਕਿਸਾਨਾਂ ਨੇ ਇਹ ਵੀ ਦੱਸ ਦਿੱਤਾ ਕਿ ਮਾਰਚ ਸ਼ੁਰੂ ਕਰਨ ਲਈ ਅਸੀਂ ਦਿੱਲੀ ਪੁਲਿਸ ਨੂੰ ਰਿੰਗ ਰੋਡ ਦੀ ਜਗ੍ਹਾ ਦੱਸੀ ਹੈ। ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠਾ ਹੋ ਮਾਰਚ ਕੱਢਣਗੇ।

ਇਸ ਦੌਰਾਨ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡਾ ਇਹ ਮਾਰਚ ਸ਼ਾਂਤਮਈ ਢੰਗ ਨਾਲ ਹੋਵੇਗਾ। ਇਸ ਮਾਰਚ ਵਿੱਚ ਅਸੀਂ ਪੂਰੇ ਦੇਸ਼ ਦੀ ਜਨਤਾ ਤਕ ਕਿਸਾਨਾਂ ਦਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲਾਲ ਕਿਲ੍ਹੇ ਵੱਲ ਕਿਸਾਨ ਨਹੀਂ ਜਾਣਗੇ। ਸਰਕਾਰ ਦਾ ਉਹ ਆਪਣਾ ਪ੍ਰੋਗਰਾਮ ਹੈ। ਅਸੀਂ ਸ਼ਾਤਮਈ ਢੰਗ ਨਾਲ ਮਿੱਥੇ ਗਏ ਰੂਟਾਂ ‘ਤੇ ਹੀ ਚੱਲਾਂਗੇ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਹਾਲੇ ਤਕ ਟਰੈਕਟਰ ਮਾਰਚ ਦਾ ਰੋਡ ਮੈਪ ਜਾਰੀ ਨਹੀਂ ਕੀਤਾ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਕਰਕੇ ਤੈਅ ਕਰੇਗਾ।

Share this Article
Leave a comment