ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਚਾਰਜਸ਼ੀਟ ‘ਚ ਕਈ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਕੁਝ ਦਿਨ ਪਹਿਲਾਂ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ 28 ਮਈ ਨੂੰ ਸੁਣਵਾਈ ਕਰੇਗੀ।
ਸੂਤਰਾਂ ਅਨੁਸਾਰ ਇਸ ਚਾਰਜਸ਼ੀਟ ਵਿੱਚ ਜਾਂਚ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਲਾਲ ਕਿਲ੍ਹਾ ਹਿੰਸਾ ‘ਡੂੰਘੀ ਤੇ ਸੋਚੀ ਸਮਝੀ ਸਾਜ਼ਿਸ਼’ ਦਾ ਹਿੱਸਾ ਸੀ। ਇਹ ਸਾਰੀ ਸਾਜ਼ਿਸ਼ ਮਹਿਜ਼ ਇਸ ਲਈ ਘੜੀ ਗਈ ਤਾਂ ਕਿ ਲਾਲ ਕਿਲ੍ਹੇ ’ਤੇ ਕਬਜ਼ਾ ਕਰਕੇ ਇਸ ਨੂੰ ਧਰਨੇ ਪ੍ਰਦਰਸ਼ਨਾਂ ਦੀ ਥਾਂ ਵਿੱਚ ਤਬਦੀਲ ਕੀਤਾ ਜਾ ਸਕੇ।
ਨਿਊਜ਼ ਏਜੰਸੀ ਏਐੱਨਆਈ ਵੱਲੋਂ ਛਾਪੀ ਰਿਪੋਰਟ ਮੁਤਾਬਕ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਾਂਚ ਟੀਮ ਅਨੁਸਾਰ 26 ਜਨਵਰੀ ਦੇ ਦਿਨ ਦੀ ਚੋਣ ਇਸ ਲਈ ਕੀਤੀ ਗਈ ਸੀ ਤਾਂ ਕਿ ਦੇਸ਼-ਵਿਦੇਸ਼ ਵਿੱਚ ਸਰਕਾਰ ਦੇ ਮਾਣ ਨੂੰ ਠੇਸ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਪੰਜਾਬ ਤੇ ਹਰਿਆਣਾ ਵਿੱਚ ਟਰੈਕਟਰਾਂ ਦੀ ਵੱਧ ਰਹੀ ਖਰੀਦ ਦੇ ਅੰਕੜਿਆਂ ਨੂੰ ਵੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਹੈ।