ਨਵੀਂ ਦਿੱਲੀ: ਦਿੱਲੀ ਦੇ ਲਾਜਪਤ ਨਗਰ ਇਲਾਕੇ ‘ਚ ਇਕ ਨਾਬਾਲਗ ਅਤੇ ਉਸ ਦੀ ਮਾਸੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸ਼ਿਵਮ ਪਰਚਾ, ਅਮਨ ਪਾਲ, ਆਸ਼ੀਸ਼ ਉਰਫ਼ ਅੰਸ਼ੂਮਨ, ਅਮਰ ਮਹਿਰਾ, ਅਭਿਸ਼ੇਕ ਉਰਫ਼ ਈਸ਼ੂ ਵਜੋਂ ਹੋਈ ਹੈ।
ਪੁਲਿਸ ਨੂੰ 11 ਨਵੰਬਰ ਨੂੰ ਸਵੇਰੇ 4 ਵਜੇ ਸਫ਼ਦਰਜੰਗ ਹਸਪਤਾਲ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ 17 ਸਾਲ ਦੀ ਲੜਕੀ ਅਤੇ ਉਸਦੀ 22 ਸਾਲ ਦੀ ਮਾਸੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਨਾਬਾਲਗ 10 ਨਵੰਬਰ ਦੀ ਰਾਤ ਨੂੰ ਨਾਬਾਲਗ ਲੜਕੀ ਆਪਣੀ ਮਾਸੀ ਨਾਲ ਕਲੱਬਿੰਗ ਕਰਨ ਲਈ ਲਾਜਪਤ ਨਗਰ ਇਲਾਕੇ ‘ਚ ਗਈ ਸੀ। ਇਲਜ਼ਾਮ ਹੈ ਕਿ ਉੱਥੇ ਇੱਕ ਕਾਰ ਵਿੱਚ ਸਵਾਰ ਕੁਝ ਨੌਜਵਾਨ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਕਲੱਬ ਵਿੱਚ ਲੈ ਜਾਣ ਲਈ ਕਿਹਾ ਅਤੇ ਕਾਰ ਵਿੱਚ ਬਿਠਾ ਕੇ ਕਾਰ ਵਿੱਚ ਹੀ ਮੁਲਜ਼ਮਾਂ ਨੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਫਿਰ ਇੱਕ ਘਰ ਵਿੱਚ ਲਿਜਾ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਫਿਰ ਉਹ ਉਨ੍ਹਾਂ ਨੂੰ ਆਸ਼ਰਮ ਖੇਤਰ ਵਿੱਚ ਛੱਡ ਕੇ ਭੱਜ ਗਏ।
ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਗਲੀ ਸਵੇਰ ਨਾਬਾਲਗ ਨੂੰ ਪੇਟ ‘ਚ ਤੇਜ ਦਰਦ ਹੋਣ ਲੱਗਾ ਅਤੇ ਉਸ ਦੇ ਰਿਸ਼ਤੇਦਾਰ ਉਸ ਨੂੰ ਸਫਦਰਜੰਗ ਹਸਪਤਾਲ ਲੈ ਗਏ। ਉੱਥੇ ਡਾਕਟਰ ਨੇ ਬਲਾਤਕਾਰ ਦੀ ਪੁਸ਼ਟੀ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੇ ਬਿਆਨ ਦਰਜ ਕੀਤੇ। ਪੁਲਿਸ ਅਨੁਸਾਰ ਮਾਮਲਾ ਦਰਜ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ਅਤੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ‘ਚ ਵਰਤੀ ਗਈ ਕਾਰ ਵੀ ਜ਼ਬਤ ਕਰ ਲਈ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।