ਦਿੱਲੀ ‘ਚ ਨਾਬਾਲਗ ਲੜਕੀ ਦਾ ਕਤਲ, ਚਾਕੂ ਨਾਲ ਕੀਤੇ ਅੰਨ੍ਹੇਵਾਹ ਵਾਰ, ਪੱਥਰ ‘ਤੇ ਪਟਕਾ ਮਾਰਿਆ ਸਿਰ

Global Team
2 Min Read

ਨਵੀਂ ਦਿੱਲੀ: ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ‘ਚ 16 ਸਾਲਾ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਾਂਡ ਦੀ ਪੋਸਟਮਾਰਟਮ ਰਿਪੋਰਟ ਦੇ ਮੁੱਢਲੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ 16 ਸਾਲਾ ਨਾਬਾਲਗ ਲੜਕੀ ‘ਤੇ 16 ਵਾਰ ਚਾਕੂ ਨਾਲ ਵਾਰ ਕੀਤੇ ਗਏ ਸਨ। ਇਸ ਤੋਂ ਬਾਅਦ ਕਿਸੇ ਪੱਥਰ ਨਾਲ ਉਸ ਦਾ ਸਿਰ ਪਟਕ ਦਿੱਤਾ ਗਿਆ, ਜਿਸ ਕਾਰਨ ਉਸ ਦਾ ਸਿਰ ਫਟ ਗਿਆ। ਇਸ ਕਤਲ ਕਾਂਡ ਦੇ ਮੁਲਜ਼ਮ ਨੌਜਵਾਨ ਸਾਹਿਲ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਸੋਮਵਾਰ (29 ਮਈ) ਨੂੰ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੀੜਤ ਦੀ ਪਛਾਣ ਕੀਤੀ ਅਤੇ ਨੇੜ੍ਹੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਪੁਲਿਸ ਨੇ ਦੱਸਿਆ ਕਾਤਲ ਨੌਜਵਾਨ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਥੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਮਾਮਲੇ ਵਿੱਚ ਸਾਰੇ ਸਬੂਤ ਇਕੱਠੇ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।

ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

ਦੱਸਣਯੋਗ ਹੈ ਕਿ ਇਸ ਵਾਰਦਾਤ ਨੂੰ ਐਤਵਾਰ ਰਾਤ ਲਗਭਗ 9 ਵਜੇ ਅੰਜਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੀੜਤਾ ਦੇ ਮਾਪਿਆਂ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧੀ ਬਹੁਤ ਸ਼ਾਂਤ ਸੁਭਾਅ ਦੀ ਸੀ। ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਉਸ ਨੇ ਸਾਡੀ ਧੀ ਦਾ ਕਤਲ ਕੀਤਾ ਹੈ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਮੁੜ ਕੋਈ ਅਜਿਹਾ ਨਾਂ ਕਰ ਸਕੇ। ਲੜਕੀ ਸ਼ਾਹਬਾਦ ਡੇਅਰੀ ਦੀ ਜੇਜੇ ਕਲੋਨੀ ਦੀ ਵਸਨੀਕ ਸੀ ਅਤੇ ਉਸ ਦਾ ਪਿਤਾ ਮਜ਼ਦੂਰੀ ਕਰਦੇ ਹਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਦੀਪੇਂਦਰ ਪਾਠਕ ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਅਤੇ ਪੀੜਤਾ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਕਿਸੇ ਗੱਲੋਂ ਝਗੜਾ ਵੀ ਹੋਇਆ ਸੀ। ਮੁਲਜ਼ਮ (ਸਾਹਿਲ) ਦੇ ਮਨ ਵਿੱਚ ਗੁੱਸਾ ਸੀ ਜਿਸ ਕਾਰਨ ਉਸ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ।

Share This Article
Leave a Comment