ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਯਮੁਨਾ ਨਦੀ ‘ਚ ਛਠ ਪੂਜਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਨਦੀ ਦਾ ਪਾਣੀ ਬਹੁਤ ਪ੍ਰਦੂਸ਼ਿਤ ਹੈ ਅਤੇ ਬੀਮਾਰੀਆਂ ਦਾ ਖਤਰਾ ਹੈ, ਇਸ ਲਈ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਪਾਬੰਦੀ ਯਮੁਨਾ ਨਦੀ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਲਗਾਈ ਗਈ ਹੈ। ਛਠ ਪੂਜਾ ਦੌਰਾਨ ਅਜਿਹੇ ਜ਼ਹਿਰੀਲੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਲੋਕ ਬਿਮਾਰ ਹੋ ਸਕਦੇ ਹਨ।
ਪੂਰਵਾਂਚਲ ਭਾਈਚਾਰੇ ਦੇ ਲੋਕ ਹਮੇਸ਼ਾ ਹੀ ਦਿੱਲੀ ਵਿਚ ਯਮੁਨਾ ਦੇ ਕਿਨਾਰੇ ਛਠ ਪੂਜਾ ਕਰਦੇ ਰਹੇ ਹਨ ਪਰ ਪਾਣੀ ਵਿਚ ਵੱਡੇ ਪੱਧਰ ‘ਤੇ ਪ੍ਰਦੂਸ਼ਣ ਹੋਣ ਕਾਰਨ ਸਾਲ 2023 ਵਿਚ ਵੀ ਛਠੀ ਮਈਆ ਦੇ ਸ਼ਰਧਾਲੂ ਯਮੁਨਾ ਦੇ ਕਿਨਾਰੇ ਪੂਜਾ ਨਹੀਂ ਕਰ ਸਕੇ ਸਨ। ਪਿਛਲੇ ਸਾਲ ਵੀ ਹਾਈ ਕੋਰਟ ਨੇ ਯਮੁਨਾ ਨਦੀ ਦੇ ਕੰਢੇ ਛਠ ਪੂਜਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਦਿੱਲੀ ਹਾਈਕੋਰਟ ਨੇ ਕਿਹਾ ਕਿ ਯਮੁਨਾ ਦੀ ਹਾਲਤ ਅਜਿਹੀ ਨਹੀਂ ਹੈ ਕਿ ਇਸ ਦੇ ਅੰਦਰ ਪੂਜਾ ਕੀਤੀ ਜਾ ਸਕੇ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਹਾਲ ਹੀ ‘ਚ ਇਕ ਵਿਅਕਤੀ ਨੇ ਯਮੁਨਾ ‘ਚ ਡੁਬਕੀ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਦੋ ਦਿਨ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਨਾ ਪਿਆ ਸੀ। ਅਜਿਹੇ ਹਾਲਾਤ ਵਿੱਚ ਪੂਜਾ ਦੀ ਇਜਾਜ਼ਤ ਦੇਣਾ ਉਚਿਤ ਨਹੀਂ ਹੋਵੇਗਾ।