ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਬਾਕੀ ਸੂਬਿਆਂ ਤੋਂ ਆਕਸੀਜਨ ਸਪਲਾਈ ਦੀ ਮਦਦ ਮੰਗਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ‘ਤੇ ਬ੍ਰੇਕ ਲਗਾਉਣ ਲਈ ਇੱਕ ਹੋਰ ਉਪਰਾਲਾ ਕੀਤਾ ਹੈ।
ਦਿੱਲੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਰਾਜਧਾਨੀ ਵਿੱਚ 18 ਸਾਲ ਤੋਂ ਉੱਪਰ ਵਾਲੇ ਹਰ ਵਿਅਕਤੀ ਨੂੰ ਮੁਫ਼ਤ ‘ਚ ਵੈਕਸੀਨ ਲਗਾਈ ਜਾਵੇਗੀ। ਇਸ ਲਈ ਕੇਜਰੀਵਾਲ ਸਰਕਾਰ ਨੇ 1.34 ਕਰੋੜ ਵੈਕਸੀਨ ਖਰੀਦਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਵੈਕਸੀਨ ਖ਼ਰੀਦ ਕੇ ਲੋਕਾਂ ਨੂੰ ਲਗਾਈ ਜਾ ਸਕੇ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਇਹ ਵੀ ਅਪੀਲ ਕੀਤੀ ਹੈ ਕਿ ਪੂਰੇ ਦੇਸ਼ ‘ਚ ਪਹਿਲੇ ਗੇੜ ਦੀ ਵੈਕਸੀਨੇਸ਼ਨ ਦਾ ਕੰਮ ਜਲਦ ਮੁਕੰਮਲ ਕਰ ਲੈਣਾ ਚਾਹੀਦਾ ਹੈ।