ਦਿੱਲੀ ਸਰਕਾਰ ਦਾ ਵੱਡਾ ਫੈਸਲਾ; ਰਾਜਧਾਨੀ ਦੇ ਕਈ ਮੈਟਰੋ ਸਟੇਸ਼ਨਾਂ ਅਤੇ ਜਨਤਕ ਥਾਵਾਂ ਦੇ ਬਦਲੇ ਨਾਮ; ਪੜ੍ਹੋ ਵੇਰਵਾ

Global Team
3 Min Read

ਨਵੀ ਦਿੱਲੀ : ਦਿੱਲੀ ਸਰਕਾਰ ਨੇ ਰਾਜਧਾਨੀ ਦੇ ਕਈ ਪ੍ਰਮੁੱਖ ਜਨਤਕ ਸਥਾਨਾਂ ਅਤੇ ਸੰਸਥਾਵਾਂ ਦੇ ਨਾਮ ਬਦਲ ਦਿੱਤੇ ਹਨ। ਇਸ ਦੇ ਤਹਿਤ ਰੋਹਿਣੀ ਵੈਸਟ ਮੈਟਰੋ ਸਟੇਸ਼ਨ ਦਾ ਨਾਮ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਮੈਟਰੋ ਸਟੇਸ਼ਨ ਅਤੇ ਬੇਗਮਪੁਰ ਦੇ ਨਿਰਮਾਣ ਅਧੀਨ ਸਪੋਰਟਸ ਕੰਪਲੈਕਸ ਦਾ ਨਾਮ ਅਟਲ ਖੇਡ ਪਰਿਸਰ (ਅਟਲ ਸਪੋਰਟਸ ਕੰਪਲੈਕਸ) ਰੱਖਿਆ ਹੈ। ਉੱਥੇ ਸਾਬਕਾ ਪ੍ਰਧਾਨ ਮੰਤਰੀ ਦਾ ਬੁੱਤ ਵੀ ਲਗਾਇਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਤਬਦੀਲੀਆਂ ਦਾ ਉਦੇਸ਼ ਸਥਾਨਕ ਪਛਾਣ ਅਤੇ ਦੇਸ਼ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਦੇਣਾ ਹੈ।

ਦੱਸ ਦਈਏ ਕਿ ਰਾਜ ਨਾਮਕਰਨ ਅਥਾਰਟੀ (SNA) ਦੀ ਚੇਅਰਪਰਸਨ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਦਿੱਲੀ ਸਕੱਤਰੇਤ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਇਹਨਾਂ ਪ੍ਰਸਤਾਵਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਦਿੱਲੀ ਦੇ ਮੁੱਖ ਸਕੱਤਰ, ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਮੈਨੇਜਿੰਗ ਡਾਇਰੈਕਟਰ ਅਤੇ ਦਿੱਲੀ ਵਿਕਾਸ ਅਥਾਰਟੀ (DDA) ਦੇ ਡਾਇਰੈਕਟਰ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਰਾਜ ਨਾਮਕਰਨ ਅਥਾਰਟੀ (SNA) ਦੀ ਮੀਟਿੰਗ ਵਿੱਚ ਮੈਟਰੋ ਸਟੇਸ਼ਨ, ਹਸਪਤਾਲ, ਖੇਡ ਕੰਪਲੈਕਸ ਅਤੇ ਚੌਕਾਂ ਦੇ ਨਾਮ ਬਦਲਣ ਨਾਲ ਜੁੜੇ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਦਲੇ ਗਏ ਨਾਮ ਦਿੱਲੀ ਦੀ ਵੱਖਰੀ ਸੱਭਿਆਚਾਰਕ ਪਛਾਣ, ਸਮਾਜਿਕ ਚੇਤਨਾ ਅਤੇ ਰਾਸ਼ਟਰੀ ਵਿਰਾਸਤ ਨੂੰ ਦਰਸਾਉਂਦੇ ਹਨ। ਸਰਕਾਰ ਦਿੱਲੀ ਦੇ ਵਿਕਾਸ ਦੇ ਨਾਲ-ਨਾਲ ਉਸ ਦੀ ਇਤਿਹਾਸਕ ਅਤੇ ਸੱਭਿਆਚਾਰਕ ਪਛਾਣ ਨੂੰ ਵੀ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਸਭ ਤੋਂ ਵੱਡਾ ਬਦਲਾਅ ਰੋਹਿਣੀ ਵੈਸਟ ਮੈਟਰੋ ਸਟੇਸ਼ਨ ਦੇ ਨਾਮ ਵਿੱਚ ਕੀਤਾ ਗਿਆ ਹੈ। ਹੁਣ ਇਹ ਸਟੇਸ਼ਨ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਮੈਟਰੋ ਸਟੇਸ਼ਨ ਦੇ ਨਾਮ ਨਾਲ ਜਾਣਿਆ ਜਾਵੇਗਾ। ਉੱਥੇ ਹੀ, ਯਾਤਰੀਆਂ ਦੀ ਸਹੂਲਤ ਅਤੇ ਪਛਾਣ ਨੂੰ ਆਸਾਨ ਬਣਾਉਣ ਲਈ ਰੋਹਿਣੀ ਈਸਟ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ਸਿਰਫ਼ ਰੋਹਿਣੀ ਮੈਟਰੋ ਸਟੇਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜਵਾਲਾਪੁਰੀ ਵਿੱਚ ਨਿਰਮਾਣ ਅਧੀਨ ਹਸਪਤਾਲ ਦਾ ਨਾਮ ‘ਬਾਬਾ ਰਾਮਦੇਵਜੀ ਮਹਾਰਾਜ ਹਸਪਤਾਲ’ ਰੱਖਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੁੱਖ ਮੰਤਰੀ ਦੇ ਅਨੁਸਾਰ, ਮੀਟਿੰਗ ਵਿੱਚ ਦਵਾਰਕਾ ਮੈਟਰੋ ਸਟੇਸ਼ਨ ਦੇ ਨਾਮ ਵਿੱਚ ਖੇਤਰ ਦੀ ਸਥਾਨਕ ਪਛਾਣ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਗਿਆ।

ਅਥਾਰਟੀ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਸਟੇਸ਼ਨ ਦਾ ਨਵਾਂ ਨਾਮ ‘ਦਵਾਰਕਾ-ਕਕਰੋਲਾ ਮੈਟਰੋ ਸਟੇਸ਼ਨ’ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਬ੍ਰਿਟਾਨੀਆ ਚੌਕ (ਸ਼ਕੂਰਪੁਰ ਸਥਿਤ) ਦਾ ਨਾਮ ਬਦਲ ਕੇ ‘ਅਸ਼ਵਨੀ ਚੋਪੜਾ (ਮਿੰਨਾ) ਚੌਕ’ ਕਰਨ ਦੇ ਪ੍ਰਸਤਾਵ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।

Share This Article
Leave a Comment