ਦਿੱਲੀ ਚੋਣਾਂ ਪੰਜਾਬ ਲਈ ਚੁਣੌਤੀ!

Global Team
4 Min Read

ਜਗਤਾਰ ਸਿੰਘ ਸਿੱਧੂ;

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਗਿਆ ਹੈ। ਬੇਸ਼ੱਕ ਮੁੱਖ ਤੌਰ ਤੇ ਤਿੰਨ ਧਿਰੀ ਮੁਕਾਬਲਾ ਹੈ ਪਰ ਅਸਲ ਟੱਕਰ ਆਪ ਅਤੇ ਭਾਜਪਾ ਵਿਚਕਾਰ ਬਣਦੀ ਨਜ਼ਰ ਆ ਰਹੀ ਹੈ। ਕਾਂਗਰਸ ਵੀ ਇਸ ਵਾਰ ਪੂਰੀ ਵਾਹ ਲਾ ਰਹੀ ਹੈ ।ਆਪ ਦਾ ਦਾਅਵਾ ਹੈ ਕਿ ਦਿੱਲੀ ਦੇ ਆਮ ਲੋਕਾਂ ਦੀ ਬੇਹਤਰੀ ਲਈ ਬਹੁਤ ਕੁਝ ਕੀਤਾ ਗਿਆ ਹੈ ਅਤੇ ਭਵਿੱਖ ਦੀਆਂ ਨਵੀਆਂ ਗਾਰੰਟੀਆਂ ਵੀ ਦਿੱਤੀਆਂ ਗਈਆਂ ਹਨ ।ਭਾਜਪਾ ਨੂੰ ਸਿੱਧੇ ਤੌਰ ਤੇ ਆਪ ਵਲੋਂ ਆਪਣੀਆਂ ਚੋਣ ਰੈਲੀਆਂ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।ਦੂਜੇ ਪਾਸੇ ਭਾਜਪਾ ਵਲੋਂ ਵੀ ਚੋਣ ਪ੍ਰਚਾਰ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਭਾਜਪਾ ਮੁੱਖ ਤੌਰ ਤੇ ਦਿੱਲੀ ਵਾਸੀਆਂ ਨੂੰ ਆਖ ਰਹੀ ਹੈ ਕਿ ਦਿੱਲੀ ਵਾਸੀਆਂ ਲਈ ਆਪ ਇਕ ਬਿਪਤਾ ਬਣਕੇ ਟੱਕਰੀ ਹੋਈ ਹੈ ਅਤੇ ਇਸ ਚੋਣ ਵਿੱਚ ਆਪ ਨੂੰ ਪਾਸੇ ਕਰ ਦਿਉ ਤਾਂ ਦਿੱਲੀ ਮੁਸੀਬਤਾਂ ਤੋਂ ਮੁਕਤ ਹੋ ਜਾਵੇਗੀ। ਭਾਜਪਾ ਦਾ ਦਾਅਵਾ ਹੈ ਕਿ ਜੇਕਰ ਭਾਜਪਾ ਦੀ ਸਰਕਾਰ ਬਣੇਗੀ ਤਾਂ ਹੀ ਦਿੱਲੀ ਦੀਆਂ ਮੁਸ਼ਕਲਾਂ ਦਾ ਹੱਲ ਨਿਕਲੇਗਾ ਅਤੇ ਦਿੱਲੀ ਦਾ ਵਿਕਾਸ ਹੋਵੇਗਾ।

ਬੇਸ਼ਕ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਆਪ ਅਤੇ ਭਾਜਪਾ ਵਿਚਕਾਰ ਫਸਿਆ ਹੋਇਆ ਹੈ ਪਰ ਜੇਕਰ ਇਸ ਚੋਣ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਨਾ ਕੀਤੀ ਜਾਵੇ ਤਾਂ ਦਿੱਲੀ ਚੋਣਾਂ ਦੀ ਜਾਣਕਾਰੀ ਅਧੂਰੀ ਰਹੇਗੀ। ਖਾਸ ਤੌਰ ਤੇ ਇਹ ਬਹੁਤ ਅਹਿਮ ਹੈ ਕਿ ਦਿੱਲੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹਨ। ਬੇਸ਼ੱਕ ਦੋਹਾਂ ਰਾਜਾਂ ਦੇ ਰੁਤਬੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਪਰ ਇਹ ਚੋਣ ਨਿਸ਼ਚਿਤ ਤੌਰ ਉੱਤੇ ਦੋਹਾਂ ਰਾਜਾਂ ਵਿੱਚ ਆਪ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨਾਂ ਦੇ ਵਜ਼ੀਰਾਂ ਨੇ ਖੁੱਲ੍ਹ ਕੇ ਆਪ ਦੀ ਚੋਣ ਮੁਹਿੰਮ ਚਲਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਆਪਣੀਆਂ ਰੈਲੀਆਂ ਵਿੱਚ ਮੁੱਖ ਮੁੱਦਾ ਬਣਾਇਆ ਜਾ ਰਿਹਾ ਹੈ ।ਮੁੱਖ ਮੰਤਰੀ ਮਾਨ ਦਿੱਲੀ ਦੇ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦ੍ਰਿੜ ਇਰਾਦੇ ਵਾਲੇ ਰਾਜਸੀ ਆਗੂ ਹਨ ਜੋ ਕਿ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਇਸ ਬਾਰੇ ਵੀ ਕੋਈ ਦੋ ਰਾਏ ਨਹੀਂ ਹੈ ਕਿ ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਪੰਜਾਬੀ ਵੋਟਰਾਂ ਲਈ ਵੱਡਾ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹਾਲਾਂਕਿ ਕਿ ਪੰਜਾਬ ਕਾਂਗਰਸ ਦੇ ਆਗੂ ਮਾਨ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਦੇਖਣਾ ਹੋਵੇਗਾ ਕਿ ਇਸ ਦਾ ਆਪ ਨੂੰ ਕਿੰਨਾ ਨੁਕਸਾਨ ਹੁੰਦਾ ਹੈ।

ਰਾਜੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅੱਜ ਇਕ ਮਹੀਨੇ ਲਈ ਪੈਰੋਲ ਦੇਕੇ ਜੇਲ੍ਹ ਤੋਂ ਸਿੱਧਾ ਸਿਰਸਾ ਡੇਰੇ ਭੇਜਣ ਦਾ ਪਿਛੋਕੜ ਵੀ ਦਿੱਲੀ ਦੀਆਂ ਚੋਣਾਂ ਹਨ। ਹਰਿਆਣਾ ਨੇ ਕਈ ਪਾਸਿਆਂ ਤੋਂ ਦਿੱਲੀ ਨੂੰ ਘੇਰਿਆ ਹੋਇਆ ਹੈ ਅਤੇ ਹਰਿਆਣਾ ਅੰਦਰ ਡੇਰਾ ਮੁਖੀ ਦਾ ਖਾਸਾ ਪ੍ਰਭਾਵ ਹੈ।

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਦੋਸ਼ ਲਾਇਆ ਹੈ ਕਿ ਹਰਿਆਣਾ ਨੇ ਜਮਨਾ ਦੇ ਦਿੱਲੀ ਨੂੰ ਆਉਣ ਵਾਲੇ ਪਾਣੀ ਵਿਚ ਜਹਿਰ ਘੋਲ ਕੇ ਵੱਡਾ ਜਾਨੀ ਨੁਕਸਾਨ ਕਰਨ ਦੀ ਸਾਜ਼ਿਸ਼ ਰਚੀ ਸੀ ਪਰ ਦਿੱਲੀ ਦੇ ਇੰਜਨੀਅਰਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਪਾਣੀ ਨੂੰ ਰੋਕ ਲਿਆ। ਦੂਜੇ ਪਾਸੇ ਭਾਜਪਾ ਆਖ ਰਹੀ ਹੈ ਕਿ ਕੇਜਰੀਵਾਲ ਨੇ ਝੂਠ ਬੋਲਿਆ ਹੈ। ਇਸ ਲਈ ਮਾਫੀ ਮੰਗਣ ਜਾਂ ਮੁਕੱਦਮਾ ਭੁਗਤਣ ਲਈ ਤਿਆਰ ਰਹਿਣ। ਅੰਤਿਮ ਫੈਸਲਾ ਪੰਜ ਫਰਵਰੀ ਨੂੰ ਦਿੱਲੀ ਦੇ ਵੋਟਰਾਂ ਨੇ ਕਰਨਾ ਹੈ ਕਿ ਕਿਸ ਦੀ ਬਣੇਗੀ ਸਰਕਾਰ?

ਸੰਪਰਕ 9814002186

Share This Article
Leave a Comment