ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਬੀਤੇ ਦਿਨੀਂ ਮੰਗਲਵਾਰ ਨੂੰ ਵਿਧਾਨ-ਸਭਾ ਚੋਣਾਂ 2020 ਲਈ ਦਿੱਲੀ ਦੀਆਂ ਕੁੱਲ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ-ਸਭਾ ਸੀਟਾਂ ਲਈ 8 ਫਰਵਰੀ ਨੂੰ ਚੋਣਾਂ ਹੋਣਗੀਆਂ ਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।
ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਦੂਜੀ ਵਾਰ ਚੋਣ ਲੜਨਗੇ ਤੇ ਉਪ ਮੁੱਖ-ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਤੋਂ ਚੋਣ ਲੜਨਗੇ। ਅਰਵਿੰਦ ਕੇਜਰੀਵਾਲ ਦੇ ਸਾਥੀ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸ਼ਕੂਰ ਬਸਤੀ ਤੋਂ ਟਿਕਟ ਦਿੱਤੀ ਗਈ ਹੈ।
2015 ਦੀਆਂ ਵਿਧਾਨ-ਸਭਾ ਚੋਣਾਂ ‘ਚ 6 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ। ਇਸ ਵਾਰ ਆਮ ਆਦਮੀ ਪਾਰਟੀ (ਆਪ) ਨੇ ਕੁੱਲ 70 ਸੀਟਾਂ ‘ਚੋਂ 8 ਸੀਟਾਂ ‘ਤੇ ਔਰਤਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਦਿੱਲੀ ਦੀਆਂ ਕੁੱਲ 70 ਵਿਧਾਨ-ਸਭਾ ਸੀਟਾਂ 58 ਸੀਟਾਂ ਆਮ ਸ਼੍ਰੇਣੀ ਲਈ ਤੇ 12 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਂਆ ਹਨ।
ਦਿੱਲੀ ਦੇ ਮੌਜੂਦਾ ਵਿਧਾਇਕ 46 ਸੀਟਾਂ ‘ਤੇ ਚੋਣ ਲੜਨਗੇ, ਜਦੋਂ ਕਿ 15 ਮੌਜੂਦਾ ਵਿਧਾਇਕਾਂ ਦੀ ਥਾਂ ਤੇ 9 ਖਾਲੀ ਪਈਆਂ ਸੀਟਾਂ ‘ਤੇ ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।